ਲੜਾਈ-ਝਗੜੇ ''ਚ ਜ਼ਖਮੀ ਬਜ਼ੁਰਗ ਦੀ ਮੌਤ, 12 ਨਾਮਜ਼ਦ

10/19/2019 2:49:28 PM

ਮੋਗਾ (ਆਜ਼ਾਦ)—ਰੰਜਿਸ਼ ਦੇ ਚੱਲਦੇ ਦੋ ਧਿਰਾਂ ਦੇ ਵਿਚਕਾਰ ਜ਼ੀਰਾ ਦੇ ਪਿੰਡ ਸ਼ਾਹਬੁੱਕਰ 'ਚ ਹੋਏ ਲੜਾਈ ਝਗੜੇ 'ਚ ਸੁਖਵਿੰਦਰ ਸਿੰਘ (58) ਅਤੇ ਉਸ ਦਾ ਬੇਟਾ ਇੰਦਰਜੀਤ ਸਿੰਘ ਨਿਵਾਸੀ ਪਿੰਡ ਸ਼ਾਹਬੁੱਕਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ। ਸੁਖਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਮਿਲੀ ਜਾਣਕਾਰੀ ਦੇ ਅਨੁਸਾਰ ਇੰਦਰਜੀਤ ਸਿੰਘ ਇਕ ਧਾਰਮਿਕ ਸਥਾਨ ਤੋਂ ਵਾਪਸ ਆਇਆ ਸੀ ਉਸ ਦੇ ਦੋਸਤ ਪਿੰਡ ਦੇ ਬਾਹਰ ਛੱਡ ਕੇ ਚਲੇ ਗਏ ਸਨ। ਇਸ ਦੌਰਾਨ ਕੁਝ ਹਥਿਆਰਬੰਦ ਲੜਕਿਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦ ਉਸ ਦਾ ਪਿਤਾ ਸੁਖਵਿੰਦਰ ਸਿੰਘ ਉਸ ਨੂੰ ਛੁਡਾਉਣ ਦੇ ਲਈ ਉਥੇ ਪਹੁੰਚਿਆ ਤਾਂ ਉਸ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ।

ਦੋਨੋਂ ਜ਼ਖ਼ਮੀ ਪਿਤਾ ਪੁੱਤਰ ਨੂੰ ਜ਼ੀਰਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਡਾਕਟਰਾਂ ਨੇ ਸੁਖਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੋਗਾ ਰੈਫਰ ਕੀਤਾ ਸੀ ਉਸ ਨੇ ਅੱਜ ਦਮ ਤੋੜ ਦਿੱਤਾ। ਇਸ ਸਬੰਧ ਵਿਚ ਪੁਲਸ ਵਲੋਂ ਇੰਦਰਜੀਤ ਸਿੰਘ ਦੇ ਬਿਆਨਾਂ ਤੇ ਪ੍ਰਕਾਸ਼ ਸਿੰਘ ਨਿਵਾਸੀ ਪਿੰਡ ਸ਼ਾਹਬੁੱਕਰ ਸਮੇਤ 12 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਦੇ ਅਨੁਸਾਰ ਇੰਦਰਜੀਤ ਸਿੰਘ ਦਾ ਕਥਿਤ ਦੋਸ਼ੀ ਪ੍ਰਕਾਸ਼ ਸਿੰਘ ਦੇ ਨਾਲ ਵਿਵਾਦ ਚੱਲਦਾ ਆ ਰਿਹਾ ਸੀ ਜਿਸ ਦਾ ਪੰਚਾਇਤੀ ਤੌਰ ਤੇ ਫੈਸਲਾ ਵੀ ਹੋ ਗਿਆ ਸੀ, ਪਰ ਕਥਿਤ ਦੋਸ਼ੀਆਂ ਨੇ ਇਸ ਰੰਜਿਸ਼ ਦੇ ਚੱਲਦੇ ਹਮਲਾ ਕੀਤਾ। ਪੁਲਸ ਵਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪਿਆ ਜਾਵੇਗਾ।


Shyna

Content Editor

Related News