ਸ਼ਰਧਾਲੂਆਂ ਤੇ ਵਿਦਿਆਰਥੀਆਂ ਨੂੰ ਲਿਆਉਣ ਵਾਲੇ ਡਰਾਈਵਰ ਤੇ ਕੰਡਕਟਰ ਕੀਤੇ ਇਕਾਂਤਵਾਸ
Friday, May 01, 2020 - 08:05 PM (IST)

ਬਠਿੰਡਾ, (ਵਰਮਾ)— ਰਾਜਸਥਾਨ ਤੇ ਮਹਾਰਾਸ਼ਟਰ ਦੇ ਸ੍ਰੀ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਤੇ ਵਿਦਿਆਰਥੀਆਂ ਨੂੰ ਲਿਆਉਣ ਵਾਲੇ ਸਾਰੇ ਡਰਾਈਵਰ ਤੇ ਕੰਡਕਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਕਾਂਤਵਾਸ ਕੀਤਾ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਤੋਂ ਇਨਫੈਕਟਡ ਦੋ ਮਰੀਜ਼ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸ੍ਰੀ ਨਾਂਦੇੜ ਸਾਹਿਬ, ਕੋਟਾ ਅਤੇ ਜੈਸਲਮੇਰ ਤੋਂ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਦੇ 68 ਡਰਾਈਵਰ ਅਤੇ ਕੰਡਕਟਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇੰਨ੍ਹਾਂ ਸਾਰਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹਾਲੇ ਤਕ 126 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਬੀਤੀ ਦਿਨੀਂ ਬਠਿੰਡਾ 'ਚ ਆਏ 2 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਕਰੀਬ 59 ਲੋਕਾਂ ਨੂੰ ਪ੍ਰਸ਼ਾਸਨ ਨੇ ਇਕਾਂਤਵਾਸ ਕੀਤਾ ਸੀ। ਇਸ 'ਚ ਹਾਲੇ ਰਿਪੋਰਟ ਨਹੀਂ ਆਈ ਹੈ। ਡੀ. ਸੀ. ਬੀ. ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਨਾਂਦੇੜ ਸਾਹਿਬ, ਕੋਟਾ ਅਤੇ ਜੈਸਲਮੇਰ ਤੋਂ ਆਏ ਲੋਕਾਂ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ।