ਦਫਤਰ ''ਚ ਬੈਠੇ ਸਰਪੰਚ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ਆਈ ਸਾਹਮਣੇ
Saturday, Mar 21, 2026 - 06:11 PM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਅਧੀਨ ਪੈਂਦੇ ਪਿੰਡ ਸ਼ਾਹਪੁਰ ਦੇ ਸਰਪੰਚ ਦੇ ਦਫਤਰ ਵਿਚ ਹੋਏ ਜਾਨ ਲੇਵਾ ਹਮਲੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਚਾਰ ਨੌਜਵਾਨ ਦੇ ਹੱਥਾਂ ਵਿਚ ਤਲਵਾਰਾਂ, ਰਾਡਾਂ ਤੇ ਡੰਡੇ ਵੀ ਦਿਖਾਈ ਦੇ ਰਹੇ ਹਨ, ਜਿਸ ਨਾਲ ਸਰਪੰਚ ਦੇ ਦਫਤਰ ਵਿਚ ਵੜ ਕੇ ਸਰਪੰਚ ਅਤੇ ਉਸ ਦੇ ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ।
ਉਧਰ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਸ ਥਾਣਾ ਅਮਲੋਹ ਦਾ ਵੀ ਬਿਆਨ ਸਾਹਮਣੇ ਆਇਆ ਹੈ। ਪੁਲਸ ਥਾਣਾ ਅਮਲੋਹ ਦੇ ਮੁਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਸਰਪੰਚ ਦੇ ਬਿਆਨ ਦਰਜ ਕਰਕੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਸ਼ਾਹਪੁਰ ਵਿਖੇ ਦੋ ਧੜਿਆਂ ਵਿਚ ਆਪਸੀ ਰੰਜਿਸ਼ ਦੇ ਚੱਲਦਿਆਂ ਇਕ ਧੜੇ ਦੀ ਹਮਾਇਤ ਕਰਨ ਬਦਲੇ ਦੂਸਰੇ ਧੜੇ ਵੱਲੋਂ ਸਰਪੰਚ ਦੇ ਦਫਤਰ ਵਿਚ ਵੜ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਹਮਲੇ ਵਿਚ ਸਰਪੰਚ ਤੇ ਉਸ ਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ।
