ਹਸਪਤਾਲ ਦੇ ਡਾਕਟਰ ਨੇ ਆਪ੍ਰੇਸ਼ਨ ਦੌਰਾਨ ਚੂਕਣੇ ''ਚ ਛੱਡਿਆ ਪੇਚ, ਪਰਿਵਾਰ ਨੇ ਦਿੱਤਾ ਧਰਨਾ

09/07/2018 11:44:29 AM

ਫ਼ਰੀਦਕੋਟ (ਹਾਲੀ) - ਫਰੀਦਕੋਟ ਦੀ ਸਾਦਿਕ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਪਿੰਡ ਨੰਗਲ ਦੀ ਔਰਤ ਦੇ ਚੂਕਣੇ 'ਚੋਂ ਆਪ੍ਰੇਸ਼ਨ ਕਰ ਕੇ ਪਲੇਟਾਂ ਕੱਢਣ ਦੌਰਾਨ ਡਾਕਟਰ ਵੱਲੋਂ ਇਕ ਪੇਚ ਅੰਦਰ ਛੱਡਣ ਕਰਕੇ ਪ੍ਰੇਸ਼ਾਨ ਪੀੜਤ ਪਰਿਵਾਰ ਨੇ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਹਸਪਤਾਲ ਅੱਗੇ ਧਰਨਾ ਦਿੱਤਾ। 

ਇਸ ਧਰਨੇ ਦੌਰਾਨ ਪੀੜਤ ਔਰਤ ਦੇ ਪਤੀ ਹਰਵਿੰਦਰ ਸਿੰਘ ਤੇ ਰਿਸ਼ਤੇਦਾਰ ਗੁਰਜੀਤ ਸਿੰਘ ਨੇ ਪੀੜਤਾ ਦਾ ਐਕਸ-ਰੇਅ ਦਿਖਾਉਂਦਿਆਂ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਫਰੀਦਕੋਟ ਦੇ ਇਸ ਹਸਪਤਾਲ 'ਚ ਕਰਮਜੀਤ ਕੌਰ ਦੇ ਚੂਕਣੇ ਦਾ ਆਪ੍ਰੇਸ਼ਨ ਕਰਵਾ ਕੇ ਉਸ 'ਚ ਪਾਈਆਂ ਪਲੇਟਾਂ ਨੂੰ ਕਢਵਾਇਆ ਗਿਆ ਸੀ। ਪਲੇਟਾਂ ਕੱਢਦੇ ਸਮੇਂ ਇਕ ਪੇਚ ਦਾ ਹਿੱਸਾ ਅੰਦਰ ਰਹਿ ਗਿਆ, ਜਿਸ ਨੂੰ ਸਬੰਧਤ ਡਾਕਟਰ ਨੇ ਬਾਹਰ ਨਹੀਂ ਕੱਢਿਆ, ਜਿਸ ਕਾਰਨ ਕਰਮਜੀਤ ਕੌਰ ਦੇ ਇਨਫ਼ੈਕਸ਼ਨ ਹੋ ਗਈ ।

ਇਸ ਗੱਲ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਲੱਗਾ ਜਦ ਉਨ੍ਹਾਂ ਨੇ ਉਸ ਨੂੰ ਕਿਸੇ ਹੋਰ ਡਾਕਟਰ ਨੂੰ ਦਿਖਾਇਆ ਅਤੇ ਐਕਸ-ਰੇਅ ਕਰਵਾਇਆ, ਜਿਸ 'ਚ ਪਲੇਟਾਂ ਨਾਲੋਂ ਵੱਖ ਹੋਇਆ ਪੇਚ ਅੰਦਰ ਪਿਆ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਸਬੰਧੀ ਜਦ ਉਨ੍ਹਾਂ ਨੇ ਸਬੰਧਤ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪਰਿਵਾਰ ਦੀ ਕੋਈ ਗੱਲ ਨਹੀਂ ਸੁਣੀ, ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਡਾਕਟਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਚਿਤਾਵਨੀ ਅਨੁਸਾਰ ਡਾਕਟਰ ਖਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਗਲੇ ਹਫ਼ਤੇ ਫ਼ਿਰ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੀ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ, ਤੀਰਥ ਸਿੰਘ, ਕਿਸਾਨ ਆਗੂ ਜਸਪਾਲ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

ਇਸ ਬਾਰੇ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪ੍ਰੇਸ਼ਨ ਕਰਕੇ ਪਲੇਟ ਨੂੰ ਕੱਢ ਦਿੱਤਾ ਸੀ। ਮਰੀਜ਼ ਦੇ ਇਨਫ਼ੈਕਸ਼ਨ ਇੰਨੀ ਜ਼ਿਆਦਾ ਸੀ ਕਿ ਪੇਚ ਹੱਡੀ ਦੇ ਨੇੜ ਪਿਆ ਸੀ, ਜੇਕਰ ਉਸ ਨੂੰ ਹਿਲਾਇਆ ਜਾਂਦਾ ਤਾਂ ਹੱਡੀ ਦਾ ਨੁਕਸਾਨ ਹੋਣਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਪੀੜਤ ਪਰਿਵਾਰ ਧਰਨਾ ਦੇ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


Related News