ਬੱਸ ਅਾਪ੍ਰੇਟਰਾਂ ਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵਿਚਾਲੇ ਛਿਡ਼ਿਆ ਵਿਵਾਦ ਗਰਮਾਇਆ

11/21/2018 7:04:10 AM

ਮਾਨਸਾ, (ਜੱਸਲ)- ਜ਼ਿਲਾ ਪ੍ਰਾਈਵੇਟ ਬੱਸ ਅਾਪ੍ਰੇਟਰ ਐਸੋਸੀਏਸ਼ਨ ਅਤੇ ਨਗਰ ਕੌਂਸਲ ਮਾਨਸਾ ਵਿਚਾਲੇ ਅੱਡਾ ਫੀਸ ਨੂੰ ਲੈ ਕੇ ਛਿਡ਼ਿਆ ਵਿਵਾਦ ਹੋਰ ਗਰਮਾ ਗਿਆ ਹੈ। ਹੁਣ ਇਹ ਮਾਮਲਾ ਸਰਕਾਰੀ ਬਾਬੂਆਂ ਦੇ ਦਰਬਾਰ ’ਚ ਪਹੁੰਚ ਗਿਆ ਹੈ। ਇਸ ਮਾਮਲੇ ’ਚ ਅੱਜ ਬੱਸ ਅਾਪ੍ਰੇਟਰਾਂ ਦਾ ਇਕ ਵਫਦ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਸ ਮੁਖੀ ਨੂੰ ਮਿਲਿਆ। ਉਨ੍ਹਾਂ ਨੇ ਨਗਰ ਕੌਂਸਲ ਮਾਨਸਾ ਦੇ ਮੁਲਾਜ਼ਮਾਂ ਖਿਲਾਫ ਇਕ ਮੰਗ-ਪੱਤਰ ਵੀ ਦਿੱਤਾ। ਇਸ ਵਫਦ ’ਚ ਤੇਜਾ ਸਿੰਘ, ਅਮਰਜੀਤ ਸਿੰਘ, ਰੁਪਿੰਦਰ ਸਿੰਘ ਆਦਿ ਹੋਰ ਬੱਸ ਅਾਪ੍ਰੇਟਰ ਵੀ ਸ਼ਾਮਲ ਸਨ।  ਉਨ੍ਹਾਂ ਦੋਸ਼ ਲਾਇਆ ਕਿ ਆਮ ਪਬਲਿਕ, ਬੱਸ ਚਾਲਕਾਂ ਅਤੇ ਕੰਡਕਟਰਾਂ ਲਈ ਬੱਸ ਸਟੈਂਡ ਅੰਦਰ ਕੋਈ ਖਾਸ ਸਹੂਲਤਾਂ ਨਹੀਂ ਹਨ ਜਦਕਿ ਉਹ ਨਗਰ ਕੌਂਸਲ  ਮਾਨਸਾ ਨੂੰ ਰੋਜ਼ਾਨਾ 15 ਹਜ਼ਾਰ ਰੁਪਏ ਬੱਸ ਅੱਡਾ ਫੀਸ ਦਿੰਦੇ ਹਨ। 
ਇਸ ਪੱਤਰ ’ਚ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜ਼ਿਲਾ ਪ੍ਰਾਈਵੇਟ ਬੱਸ ਅਾਪ੍ਰੇਟਰ ਐਸੋਸੀਏਸ਼ਨ ਨੇ ਨਗਰ ਕੌਂਸਲ  ਮਾਨਸਾ ਦੇ ਅਧਿਕਾਰੀਆਂ ਅਤੇ ਐੱਸ. ਡੀ. ਐੱਮ.  ਮਾਨਸਾ ਕੋਲ ਕਈ ਵਾਰ ਇਹ ਮੰਗ ਉਠਾਈ ਕਿ ਬੱਸ ਅੱਡੇ ’ਚ ਕੂਡ਼ੇ ਦਾ ਡੰਪ ਉਠਾਇਆ ਜਾਵੇ, ਫਲੱਸ਼ਾਂ ਦੀ ਸਫਾਈ ਕੀਤੀ ਜਾਵੇ, ਰਾਤ ਸਮੇਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਚੌਕੀਦਾਰ ਵੀ ਰੱਖਿਆ ਜਾਵੇ ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਅੱਡਾ ਫੀਸ ਬੰਦ ਕਰਨੀ ਪਈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਐਂਟਰੀ ਗੇਟ ਅੱਗੇ ਫਾਇਰ ਬ੍ਰਿਗੇਡ ਦੀ ਗੱਡੀ ਲਾ ਦਿੱਤੀ। ਇਸ ਮੌਕੇ ਸਮਝੌਤਾ ਹੋਣ ’ਤੇ ਥਾਣਾ ਸਿਟੀ-2 ਦੇ ਮੁਖੀ ਅਤੇ ਤਹਿਸੀਲਦਾਰ ਮਾਨਸਾ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਹਟਵਾਇਆ ਪਰ ਬੱਸਾਂ ਦੇ ਟਾਈਮ ਟੇਬਲ ’ਚ ਵਿਘਨ ਪੈਣ ਕਾਰਨ ਬੱਸ ਅਾਪ੍ਰੇਟਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਮੰਗ ਰੱਖੀ ਕਿ ਨਗਰ ਕੌਂਸਲ ਦੇ ਦੋਸ਼ੀ ਮੁਲਾਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। 
 ਨਗਰ ਕੌਂਸਲ  ਦੇ ਸਮੂਹ ਮੁਲਾਜ਼ਮਾਂ ਥਾਣਾ ਸਿਟੀ ਅੱਗੇ ਦਿੱਤਾ ਰੋਸ ਧਰਨਾ 
 ਦੂਜੇ ਪਾਸੇ ਨਗਰ ਕੌਂਸਲ ਮਾਨਸਾ ਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਬੱਸ ਅਾਪ੍ਰੇਟਰਾਂ ਵੱਲੋਂ ਕੀਤੀ ਧੱਕੇਸ਼ਾਹੀ ਪ੍ਰਤੀ ਪੁਲਸ ਦੇ ਪੱਖਪਾਤੀ ਰਵੱਈਏ ਦੇ ਵਿਰੋਧ ’ਚ ਅੱਜ ਥਾਣਾ ਸਿਟੀ-2 ਅੱਗੇ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਧਰਨਾ ਸਵੇਰੇ 9 ਵਜੇ ਤੋਂ ਸ਼ਾਮ  5 ਵਜੇ ਤੱਕ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਅਾਂ ਐਕਸ਼ਨ ਕਮੇਟੀ ਦੇ ਬੁਲਾਰਿਆਂ ਇਕ ਸੁਰ ’ਚ ਕਿਹਾ ਕਿ ਬੱਸ ਅਾਪ੍ਰੇਟਰਾਂ ਨੇ ਬੇਬੁਨਿਆਦ ਦੋਸ਼ ਲਾ ਕੇ ਨਗਰ ਕੌਂਸਲ ਨਾਲ ਬੱਸ ਫੀਸ ਨੂੰ ਲੈ ਕੇ ਬੇਲੋਡ਼ਾ ਵਿਵਾਦ ਖਡ਼੍ਹਾ ਕਰ ਦਿੱਤਾ ਸੀ। ਇਸ ਮੌਕੇ ਥਾਣਾ ਸਿਟੀ-2 ਦੀ ਪੁਲਸ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣੀ, ਜਿਸ ਦੇ ਰੋਸ ਵਜੋਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਇਨਸਾਫ ਲੈਣ ਲਈ ਇਹ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਪ੍ਰਸ਼ਾਸਨ ਅਤੇ ਥਾਣਾ ਸਿਟੀ-2 ਦੀ ਪੁਲਸ ਨੇ  ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਨਗਰ ਕੌਂਸਲ ਦੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਨ ਵਾਲਿਅਾਂ ਖਿਲਾਫ ਜਲਦ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਭਰੋਸਾ ਦੇਣ ਤੋਂ ਬਾਅਦ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਸਮੇਂ ਐਕਸ਼ਨ ਕਮੇਟੀ ਦੇ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਰੂਪ ਚੰਦ ਪਰੌਚਾ, ਜਤਿੰਦਰ ਕੁਮਾਰ, ਜੰਗੀਰ ਸਿੰਘ ਤੋਂ ਇਲਾਵਾ ਹੋਰ ਮੁਲਾਜ਼ਮ ਆਗੂਆਂ ਨੇ ਆਪਣੇ ਵਿਚਾਰ ਰੱਖੇ। 
ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦਾ ਸਮਰਥਨ 
ਮਾਨਸਾ, (ਜੱਸਲ)-ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਨੇ ਬੱਸ ਅਾਪ੍ਰੇਟਰਾਂ ਦੇ ਨਗਰ ਕੌਂਸਲ ਖਿਲਾਫ਼ ਬਾਥਰੂਮ ਸਫ਼ਾਈ, ਲਾਇਟਾਂ ਅਤੇ ਅੱਡਾ ਚਾਰਜ ਨੂੰ ਲੈ ਕੇ ਵਿੱਢੇ ਸੰਘਰਸ਼ ਨੂੰ ਸਮਰਥਨ ਦਿੱਤਾ ਹੈ। 
ਲਿਬਰੇਸ਼ਨ ਦੇ ਦਫ਼ਤਰ ਸਕੱਤਰ ਕਾ. ਨਰਿੰਦਰ ਕੌਰ ਬੁਰਜ ਹਮੀਰਾ ਅਤੇ ਸ਼ਹਿਰੀ ਸਕੱਤਰ ਬਿੰਦਰ ਅੌਲਖ ਨੇ ਕਿਹਾ ਕਿ ਬੱਸ ਅੱਡੇ ਅੰਦਰ ਬਣੇ ਬਾਥਰੂਮਾਂ ’ਚ ਸਫ਼ਾਈ ਦੀ ਘਾਟ ਨੂੰ ਪੂਰਾ ਕਰਨ ਦੀ ਬਜਾਏ ਨਗਰ ਕੌਂਸਲ ਵੱਲੋਂ ਫਾਇਰ ਬ੍ਰਿਗੇਡ ਗੱਡੀਆਂ ਲਗਾ ਕੇ ਬੱਸਾਂ ਦਾ ਅੱਡੇ ਅੰਦਰ ਖਡ਼੍ਹਨ ਤੋਂ ਰੋਕਣਾ ਨਿੰਦਣਯੋਗ ਕਾਰਾ ਹੈ। ਇਸ ਦੇ ਨਾਲ ਬੱਸ ਅੱਡੇ ਦੀ ਚਾਰਦੀਵਾਰੀ, ਅੱਡੇ ਅੰਦਰ ਪਸ਼ੂਆਂ ਦੀ ਰੋਕਥਾਮ ਅਤੇ ਸ਼ਹਿਰ ਅੰਦਰ ਸਕੂਲਾਂ ਅਤੇ ਅੱਡੇ ਸਾਹਮਣੇ ਲੱਗੇ ਕੂਡ਼ੇ ਦੇ ਢੇਰਾਂ ਨੂੰ ਚੁਕਵਾਉਣ ਲਈ ਸਫ਼ਾਈ ਦੇ ਕੰਮ ਕਰਵਾਉਣ ਯੋਗ ਨਹੀਂ ਸਮਝਦੀ। ਉਨ੍ਹਾਂ ਕਿਹਾ ਕਿ ਜੇਕਰ ਬੱਸ ਅੱਡੇ ਅੰਦਰਲੇ ਬਾਥਰੂਮ, ਚਾਰਦੀਵਾਰੀ, ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ ਤਾਂ ਲਿਬਰੇਸ਼ਨ ਵੱਲੋਂ ਬੱਸ ਅਾਪ੍ਰੇਟਰਾਂ ਦੇ ਵਿੱਢੇ ਸੰਘਰਸ਼ ’ਚ ਹਿੱਸਾ ਲਵੇਗੀ।


Related News