ਸਦਰ ਥਾਣੇ ਦੇ ਗੇਟ ਅੱਗੇ ਚੋਟੀਅਾਂ ਵਾਸੀਅਾਂ ਨੇ ਲਾਇਆ ਧਰਨਾ
Monday, Sep 24, 2018 - 05:38 AM (IST)

ਚਾਉਕੇ, (ਰਜਿੰਦਰ)- ਅੱਜ ਸਦਰ ਥਾਣਾ ਗਿਲ ਕਲਾਂ ਰਾਮਪੁਰਾ ਦੇ ਗੇਟ ਅੱਗੇ ਵੱਡੀ ਗਿਣਤੀ ’ਚ ਪਿੰਡ ਚੋਟੀਅਾਂ ਵਾਸੀਅਾਂ ਨੇ ਮ੍ਰਿਤਕ ਚੰਦ ਸਿੰਘ ਦੇ ਕਤਲ ਕੇਸ ਵਿਚ ਪੁਲਸ ਨੂੰ ਕਤਲ ਪ੍ਰਤੀ ਜਾਗਰੂਕ ਕਰਵਾਉਣ ਅਤੇ ਪਡ਼ਤਾਲ ਕਰ ਕੇ ਵਿਅਕਤੀਅਾਂ ਨੂੰ ਫਡ਼ਾਉਣ ਲਈ ਧਰਨਾ ਲਾਇਅਾ ਗਿਆ। ਦੱਸਣਯੋਗ ਹੈ ਕਿ ਚੰਦ ਸਿੰਘ ਪੁੱਤਰ ਸੁੰਦਰ ਸਿੰਘ ਉਮਰ 65 ਸਾਲ ਵਾਸੀ ਚੋਟੀਅਾਂ (ਬਠਿੰਡਾ) ਦੀ ਲਾਸ਼ ਕੁਝ ਦਿਨ ਪਹਿਲਾਂ ਸਰਹੰਦ ਨਹਿਰ ਬਠਿੰਡਾ ਵਿਖੇ ਤੈਰਦੀ ਮਿਲੀ ਸੀ, ਜਿਸ ’ਤੇ ਬਠਿੰਡਾ ਪੁਲਸ ਨੇ ਅਣਪਛਾਤੇ ਵਿਅਕਤੀਅਾਂ ’ਤੇ ਪਰਚਾ ਦਰਜ ਕੀਤਾ ਸੀ।
ਇਸ ਮੌਕੇ ਗੱਲਬਾਤ ਕਰਦੇ ਜਗਰਾਜ ਸਿੰਘ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ, ਉਦੈਪਾਲ ਸਿੰਘ, ਇਕੱਤਰ ਸਿੰਘ ਪਿਥੋ, ਭਿੰਦਾ ਸਿੰਘ ਯੂਥ ਆਗੂ, ਭਜਨ ਸਿੰਘ, ਸਰਪੰਚ ਹਰਦੇਵ ਸਿੰਘ, ਬੰਤ ਸਿੰਘ ਸਾਬਕਾ ਸਰਪੰਚ, ਸੌਦਾਗਰ ਸਿੰਘ ਆਦਿ ਨੇ ਕਿਹਾ ਕਿ ਅਸੀਂ ਕਈ ਵਾਰ ਸੂਹ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਚੁੱਪੀ ਵੱਟੀ ਬੈਠੀ ਹੈ। ਜੇਕਰ ਪੁਲਸ ਦਾ ਰਵੱਈਆ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਸੀਂ ਬਠਿੰਡਾ-ਚੰਡੀਗਡ਼੍ਹ ਰੋਡ ਜਾਮ ਕਰਾਂਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਸ ਮਹਿਕਮੇ ਦੀ ਹੋਵੇਗੀ।
ਇਸ ਸਬੰਧੀ ਜਦੋਂ ਸਦਰ ਥਾਣਾ ਗਿਲ ਕਲਾਂ ਰਾਮਪੁਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਚੰਦ ਸਿੰਘ ਦੀ ਲਾਸ਼ ਬਠਿੰਡਾ ਸਰਹੰਦ ਨਹਿਰ ’ਚੋਂ ਮਿਲੀ, ਜਿਥੇ ਪੁਲਸ ਨੇ ਕਤਲ ਦਾ ਪਰਚਾ ਦਰਜ ਕੀਤਾ ਹੈ। ਪਰ ਇਨ੍ਹਾਂ ਨੇ ਲਾਸ਼ ਦੇਖ ਕੇ ਉਥੇ ਸ਼ੱਕ ਜ਼ਾਹਿਰ ਨਹੀਂ ਕੀਤਾ ਜਦ ਕਿ ਸਾਡੇ ਕੋਲ ਆ ਕੇ ਸ਼ੱਕ ਜ਼ਾਹਿਰ ਕਰਦੇ ਹਨ। ਅਸੀਂ ਇਨ੍ਹਾਂ ਦੀ ਗੱਲ ਬਠਿੰਡਾ ਪੁਲਸ ਕੋਲ ਭੇਜ ਸਕਦੇ ਹਾਂ ਕਿਉਂਕਿ ਇਸ ਦੀ ਪੂਰੀ ਕਾਰਵਾਈ ਉਥੇ ਹੀ ਹੋਵੇਗੀ।