ਸ਼ਹਿਰ ''ਚ ਡੇਂਗੂ ਦਾ ਕਹਿਰ ਜਾਰੀ, ਦਿਨੋਂ ਦਿਨ ਵਧ ਰਹੀ ਮਰੀਜ਼ਾਂ ਦੀ ਗਿਣਤੀ

11/10/2022 8:47:10 PM

ਬੁਢਲਾਡਾ (ਬਾਂਸਲ) : ਸ਼ਹਿਰ 'ਚ ਡੇਂਗੂ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੇਸ਼ੱਕ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਪਰ ਪ੍ਰਸ਼ਾਸਨ ਵੱਲੋਂ ਸਾਫ਼ ਸਫਾਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਿਲਸਿਲਾ ਬਹੁਤ ਢਿੱਲੀ ਚਾਲ ਨਾਲ ਚੱਲ ਰਿਹਾ ਹੈ। ਕਈ ਘਰਾਂ ਚ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਤੋਂ ਵੱਧ ਹੈ ਗਈ ਹੈ। ਉਨ੍ਹਾਂ ਨੂੰ ਨਿੱਜੀ ਹਸਪਤਾਲਾਂ 'ਚ ਦਾਖ਼ਲ ਕਰਵਾਉਣਾ ਪਿਆ ਹੈ। ਸਿਵਲ ਹਸਪਤਾਲ 'ਚ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਨਿੱਜੀ ਡਾਕਟਰਾਂ ਤੋਂ ਇਲਾਜ ਕਰਵਾਉਣਾ ਪੈ ਰਿਹਾ ਹੈ, ਜਿਸ ਕਾਰਨ ਡੇਂਗੂ ਦੇ ਮਰੀਜ਼ਾਂ ਸਰਕਾਰੀ ਅੰਕੜਿਆਂ 'ਚ ਬਹੁਤਾ ਹਿਸਾਬ ਕਿਤਾਬ ਨਹੀਂ ਹੈ। 

ਕੀ ਹੈ ਡੇਂਗੂ ਬੁਖਾਰ

ਸਿਵਲ ਹਸਪਤਾਲ ਬੁਢਲਾਡਾ ਦੇ ਸੀਨੀਅਰ ਡਾਕਟਰ ਸ਼ਾਲਿਕਾ ਗੋਇਲ ਨੇ ਦੱਸਿਆ ਕਿ ਡੇਂਗੂ ਬੁਖਾਰ ਇਕ ਅਜਿਹੀ ਬਿਮਾਰੀ ਹੈ ਜੋ ਤੁਹਾਨੂੰ ਡੇਂਗੂ ਵਾਇਰਸ (ਡੀ.ਈ.ਐੱਨ.ਵੀ.) ਦੀਆਂ ਚਾਰ ਕਿਸਮਾਂ 'ਚੋਂ ਇਕ ਵਾਲੇ ਮੱਛਰ ਦੇ ਕੱਟਣ ਨਾਲ ਹੋ ਸਕਦੀ ਹੈ। ਡੇਂਗੂ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਨਹੀਂ ਫ਼ੈਲਦਾ, ਸਿਵਾਏ ਜਦੋਂ ਇਹ ਇਕ ਗਰਭਵਤੀ ਤੋਂ ਉਸ ਦੇ ਬੱਚੇ ਵਿਚ ਸੰਚਾਰਿਤ ਹੁੰਦਾ ਹੈ। ਤੁਹਾਡੀ ਪਹਿਲੀ ਲਾਗ ਦੇ ਲੱਛਣ ਆਮ ਤੌਰ 'ਤੇ ਹਲਕੇ ਹੁੰਦੇ ਹਨ ਪਰ ਡੇਂਗੂ ਦਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਗੰਭੀਰ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ। ਜਦੋਂ ਡੇਂਗੂ ਵਾਇਰਸ ਨਾਲ ਸੰਕਰਮਿਤ ਮੱਛਰ ਤੁਹਾਨੂੰ ਕੱਟਦਾ ਹੈ, ਤਾਂ ਵਾਇਰਸ ਤੁਹਾਡੇ ਖੂਨ 'ਚ ਦਾਖ਼ਲ ਹੋ ਸਕਦਾ ਹੈ ਅਤੇ ਆਪਣੇ ਆਪ ਦੀਆਂ ਕਾਪੀਆਂ ਬਣਾ ਸਕਦਾ ਹੈ।

ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿਓ

ਖੜ੍ਹੇ ਪਾਣੀ ਚ ਮੱਛਰ ਪੈਦਾ ਹੋ ਸਕਦੇ ਹਨ ਅਤੇ ਇਸ ਨਾਲ ਡੇਂਗੂ ਵੀ ਫੈਲ ਸਕਦਾ ਹੈ। ਭਾਂਡਿਆਂ ਵਿਚ ਸਟੋਰ ਕੀਤੇ ਪਾਣੀ ਨੂੰ ਨਿਯਮਿਤ ਰੂਪ ਵਿਚ ਬਦਲੋ ਜੋ ਲੰਬੇ ਸਮੇਂ ਤੱਕ ਨਾ ਵਰਤੇ ਜਾਣ। ਹਰ ਹਫ਼ਤੇ ਭਾਂਡਿਆਂ 'ਚ ਪਾਣੀ ਬਦਲਦੇ ਰਹੇ। ਮੇਨਹੋਲਜ਼, ਸੈਪਟਿਕ ਟੈਂਕ, ਬੰਦ ਨਾਲੀਆਂ ਅਤੇ ਖੂਹਾਂ ਆਦਿ ਦੀ ਨਿਯਮਤ ਤੌਰ 'ਤੇ ਜਾਂਚ ਕਰੋ। 

ਇਹ ਖ਼ਬਰ ਵੀ ਪੜ੍ਹੋ - ਮੋਟਾਪਾ ਅਤੇ ਵਧਿਆ ਹੋਇਆ ਪੇਟ ਘਟਾਉਣ ਦੀ ਰਾਮਬਾਣ ਦੇਸੀ ਦਵਾਈ

ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ : ਡਾ. ਪੰਕਜ ਜੈਨ

ਸ਼ਹਿਰ ਦੇ ਮਸ਼ਹੂਰ ਡਾ. ਪੰਕਜ ਜੈਨ ਨੇ ਡੇਂਗੂ ਸਬੰਧੀ ਕਿਹਾ ਕਿ ਅੱਜ ਕੱਲ੍ਹ ਡੇਂਗੂ ਦੇ ਮਰੀਜ਼ ਕਾਫ਼ੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਤੁਸੀਂ ਇੱਥੋਂ ਦੱਸੇ ਗਏ ਲੱਛਣਾਂ ਵਿਚੋਂ ਕੋਈ ਵੀ ਦੇਖਦੇ ਹੋ, ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਨਿਰਦੇਸ਼ ਦਿੱਤੇ ਅਨੁਸਾਰ ਇਲਾਜ ਦੀ ਪਾਲਣਾ ਕਰੋ। 

ਡੇਂਗੂ ਤੋਂ ਬਚਾਅ ਦੇ ਉਪਾਅ

ਸ਼ਹਿਰ ਦੇ ਮਸ਼ਹੂਰ ਡਾ. ਕ੍ਰਿਸ਼ਨ ਕੀਟੂ ਨੇ ਕਿਹਾ ਕਿ ਤੁਹਾਨੂੰ ਆਪਣੀ ਰਹਿਣ ਵਾਲੀ ਥਾਂ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਪੂਰੀ ਤਰ੍ਹਾਂ ਸਾਫ਼-ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ । ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਸਾਫ਼ ਰੱਖ ਕੇ ਤੁਸੀਂ ਆਸਾਨੀ ਨਾਲ ਮੱਛਰਾਂ ਨੂੰ ਦੂਰ ਰੱਖ ਸਕਦੇ ਹੋ।

ਨਗਰ ਕੌਂਸਲ ਗੰਭੀਰ ਹੋਵੇ

ਸੀਨੀਅਰ ਸੀਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਨਗਰ ਕੌਂਸਲ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਡੇਂਗੂ ਅਤੇ ਮੱਛਰਾਂ ਦੇ ਵੱਧ ਰਹੇ ਪ੍ਰਕੋਪ ਕਾਰਨ ਸ਼ਹਿਰ ਅੰਦਰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਵੇ ਤੇ ਨਾਲ ਹੀ ਸ਼ਹਿਰ ਵਿਚ ਮੱਛਰਾਂ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕਰਵਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਭ ਤੋਂ ਵੱਧ ਬੱਚੇ ਇਸ ਬੀਮਾਰੀ ਦੀ ਲਪੇਟ ਵਿਚ ਆ ਰਹੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News