ਦਿੱਲੀ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਵਾਲਾ ਗ੍ਰਿਫਤਾਰ

08/25/2019 1:01:35 PM

ਪਟਿਆਲਾ (ਬਲਜਿੰਦਰ)—ਦਿੱਲੀ ਤੋਂ ਲਿਆ ਕੇ ਪੰਜਾਬ ਵਿਚ ਹੈਰੋਇਨ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਐੱਸ. ਐੱਚ. ਓ. ਗੁਰਨਾਮ ਸਿੰਘ ਦੀ ਅਗਵਾਈ ਹੇਠ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦਾ ਨਾਂ ਸ਼ੇਰ ਸਿੰਘ ਪੁੱਤਰ ਰਾਏ ਸਿੰਘ ਵਾਸੀ ਆਜ਼ਾਦ ਨਗਰ, ਪਟਿਆਲਾ ਹੈ, ਜਿਸ ਤੋਂ 1 ਲੱਖ 1 ਹਜ਼ਾਰ 300 ਰੁਪਏ ਬਰਾਮਦ ਕੀਤੇ ਗਏ।

ਡੀ. ਐੱਸ. ਪੀ. ਸਿਟੀ-2 ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਏ. ਐੱਸ. ਆਈ. ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਅਜ਼ਾਦ ਨਗਰ ਦੇ ਕੋਲ ਮੌਜੂਦ ਸਨ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਆਪਣੀ ਕਾਰ ਵਿਚ ਕਿਸੇ ਗਾਹਕ ਨੂੰ ਹੈਰੋਇਨ ਦੇਣ ਜਾਣ ਵਾਲਾ ਹੈ, ਜਿਸ 'ਤੇ ਰੇਡ ਕਰ ਕੇ ਉਸ ਤੋਂ 30 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੇਰ ਸਿੰਘ ਦਿੱਲੀ ਤੋਂ ਕਿਸੇ ਨਾਈਜੀਰੀਅਨ ਤੋਂ ਹੈਰੋਇਨ ਲਿਆਇਆ ਸੀ ਅਤੇ ਅੱਗੇ ਪੰਜਾਬ ਵਿਚ ਸਪਲਾਈ ਕਰਨੀ ਸੀ। ਸ਼ੇਰ ਸਿੰਘ ਖਿਲਾਫ ਪਹਿਲਾਂ ਵੀ ਕਤਲ, ਲੁੱਟਾਂ-ਖੋਹਾਂ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਸਪਲਾਈ ਚੇਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਦੋ ਔਰਤਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੀ ਸਪਲਾਈ ਲਾਈਨ ਵੀ ਦਿੱਲੀ ਵਿਚ ਬੈਠੇ ਨਾਈਜੀਰੀਅਨ ਹੀ ਸਨ।

ਇਸੇ ਤਰ੍ਹਾਂ ਦੂਜੇ ਕੇਸ ਵਿਚ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਸ਼ਰਾਬ ਦੀਆਂ 552 ਬੋਤਲਾਂ ਸਮੇਤ ਮਾਂ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ ਪਰਵਿੰਦਰ ਸਿੰਘ ਅਤੇ ਉਸ ਦੀ ਮਾਂ ਦਾ ਨਾਂ ਅਮਰਜੀਤ ਕੌਰ ਵਾਸੀ ਪਿੰਡ ਲਚਕਾਣੀ ਹਨ। ਐੱਸ. ਆਈ. ਨਵਦੀਪ ਕੌਰ ਪੁਲਸ ਪਾਰਟੀ ਸਮੇਤ ਪਿੰਡ ਲਚਕਾਣੀ ਵਿਖੇ ਮੌਜੂਦ ਸਨ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਆਪਣੀ ਸਕਾਰਪੀਓ ਕਾਰ ਵਿਚ ਸ਼ਰਾਬ ਲਿਆ ਰਹੇ ਹਨ। ਜਦੋਂ ਪੁਲਸ ਪਾਰਟੀ ਨੇ ਕਾਰ ਰੋਕ ਕੇ ਚੈੱਕ ਕੀਤੀ ਤਾਂ ਉਸ ਵਿਚੋਂ 552 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਤੀਜੇ ਕੇਸ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਕਾਕਾ ਸਿੰਘ ਵਾਸੀ ਪਿੰਡ ਸਮੁੰਦਰਗੜ੍ਹ ਛੰਨਾ ਜ਼ਿਲਾ ਸੰਗਰੂਰ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਹੌਲਦਾਰ ਅਮਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਟੀ ਪੁਆਇੰਟ ਪਿੰਡ ਜਾਹਲਾਂ ਦੇ ਕੋਲ ਮੌਜੂਦ ਸਨ, ਜਿਥੇ ਮਿਲੀ ਸੂਚਨਾ ਦੇ ਆਧਾਰ 'ਤੇ ਜਦੋਂ ਉਕਤ ਵਿਅਕਤੀ ਦੇ ਘਰ ਰੇਡ ਕਰ ਕੇ ਸ਼ਰਾਬ ਦੀਆਂ 40 ਬੋਤਲਾਂ ਬਰਾਮਦ ਕੀਤੀਆਂ ਗਈਆਂ। ਚੌਥੇ ਕੇਸ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਇਕ ਵਿਅਕਤੀ ਨੂੰ 5 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਰਾਹੁਲ ਕੁਮਾਰ ਵਾਸੀ ਨਿਉੂ ਬਸਤੀ ਬਡੂੰਗਰ, ਪਟਿਆਲਾ ਹੈ। ਏ. ਐੱਸ. ਆਈ. ਜਸਟਿਨ ਸਾਦਕ ਪੁਲਸ ਪਾਰਟੀ ਸਮੇਤ ਡਕਾਲਾ ਚੁੰਗੀ ਦੇ ਕੋਲ ਮੌਜੂਦ ਸਨ, ਜਿਥੇ ਉਕਤ ਵਿਅਕਤੀ ਨੂੰ ਪੈਦਲ ਆਉਂਦੇ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਸ ਤੋਂ 5 ਗ੍ਰਾਮ ਸਮੈਕ ਬਰਾਮਦ ਹੋਈ। ਉਸ ਦੇ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News