ਨਸ਼ਾ ਸਮੱਗਲਿੰਗ ਦੇ ਦੋਸ਼ੀ ਹਵਾਲਾਤੀ ਦੀ ਸ਼ੱਕੀ ਹਾਲਤ ’ਚ ਮੌਤ

01/15/2020 11:40:46 PM

ਲੁਧਿਆਣਾ, (ਸਿਆਲ)- ਨਸ਼ਾ ਸਮੱਗਲਿੰਗ ਦਾ ਦੋਸ਼ ਲੱਗਣ ਦੇ ਕੇਸ ’ਚ ਦਸ ਦਿਨ ਪਹਿਲਾਂ ਕੇਂਦਰੀ ਜੇਲ ਆਏ ਹਵਾਲਾਤੀ ਸੁਮਿਤ ਉਰਫ ਸੋਨੂੰ ਸਚਦੇਵਾ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਡਾਕਟਰਾਂ ਦੇ ਪੈਨਲ ਨੇ ਮ੍ਰਿਤਕ ਦਾ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਮੈਡੀਕਲ ਰਿਪੋਰਟ ਆਉਣ ’ਤੇ ਮੌਤ ਦੇ ਕਾਰਣਾਂ ਦਾ ਪਤਾ ਲਗ ਸਕੇਗਾ।

ਮੌਤ ਦੀ ਸੂਚਨਾ ਮਿਲਣ ’ਤੇ ਪਰਿਵਾਰ ’ਚ ਮਚਿਆ ਚੀਕ-ਚਿਹਾਡ਼ਾ

ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਪੁੱਜੇ ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਰਾਤ 11.38 ਵਜੇ ਮੌਤ ਦੀ ਸੂਚਨਾ ਮਿਲਣ ’ਤੇ ਪਰਿਵਾਰ ’ਚ ਚੀਕ- ਚਿਹਾਡ਼ਾ ਮਚ ਗਿਆ ਕਿਉਂਕਿ ਇਕ ਹਫਤਾ ਪਹਿਲਾਂ ਉਕਤ ਹਵਾਲਾਤੀ ਨਾਲ ਮੁਲਾਕਾਤ ਕਰ ਕੇ ਆਏ ਸਨ। ਉਸ ਸਮੇਂ ਉਹ ਠੀਕ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ੇ ਦੀ ਆਦਤ ਹੋਣ ’ਤੇ ਉਸ ਦਾ ਚਾਹੇ ਇਲਾਜ ਜੇਲ ਦੇ ਅੰਦਰ ਨਸ਼ਾ ਛੁਡਾਊ ਕੇਂਦਰ ’ਚ ਚੱਲ ਰਿਹਾ ਸੀ ਪਰ ਉਸ ਦੀ ਸਿਹਤ ਵਾਰ-ਵਾਰ ਵਿਗਡ਼ ਰਹੀ ਸੀ ਤਾਂ ਉਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗਡ਼੍ਹ ਜਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਕਿਉਂ ਨਹੀਂ ਭੇਜਿਆ ਗਿਆ। ਇਸ ਲਾਪ੍ਰਵਾਹੀ ਲਈ ਜੇਲ ਪ੍ਰਸ਼ਾਸਨ ਜ਼ਿੰਮੇਵਾਰ ਹੈ।

ਬਾਥਰੂਮ ’ਚ ਡਿੱਗਣ ’ਤੇ ਹਸਪਤਾਲ ਭੇਜਿਆ

ਇਸ ਸਬੰਧੀ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਹਵਾਲਾਤੀ ਸੁਮਿਤ ਉਰਫ ਸੋਨੂੰ ਸਚਦੇਵਾ ’ਤੇ 4 ਜਨਵਰੀ 2020 ਨੂੰ ਐੱਨ. ਡੀ. ਪੀ. ਐੱਸ. ਐਕਟ ਦਾ ਮੁਕੱਦਮਾ ਦਰਜ ਹੋਣ ਕਾਰਣ 5 ਜਨਵਰੀ ਨੂੰ ਜੇਲ ਆਇਆ ਸੀ। ਨਸ਼ੇ ਦੀ ਆਦਤ ਹੋਣ ਕਾਰਣ ਜੇਲ ਅੰਦਰ ਨਸ਼ਾ ਛੁਡਾਊ ਕੇਂਦਰ ’ਚ ਇਲਾਜ ਚੱਲ ਰਿਹਾ ਸੀ। ਰਾਤ ਉਕਤ ਹਵਾਲਾਤੀ ਬਾਥਰੂਮ ਕਰਨ ਗਿਆ ਅਤੇ ਉੱਥੇ ਡਿੱਗ ਗਿਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਜੇਲ ਦੇ ਮੈਡੀਕਲ ਅਧਿਕਾਰੀ ਨੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਕਤ ਹਵਾਲਾਤੀ ਨੂੰ ਮਰਿਆ ਹੋਇਆ ਐਲਾਨ ਦਿੱਤਾ। ਧਾਲੀਵਾਲ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਜਾਂਚ ਵੀ ਕਰਵਾਈ ਜਾਵੇਗੀ।

ਕੈਦੀ ਦਾ ਸੁਨੇਹਾ ਆਉਣ ’ਤੇ ਭਰਾ ਲਈ ਦੋ ਹਜ਼ਾਰ ਦੀ ਰਾਸ਼ੀ ਕਰਵਾਈ ਪੇ. ਟੀ. ਐੱਮ.

ਪੇ. ਟੀ. ਐੱਮ. ਅਤੇ ਹੋਰ ਮੋਬਾਇਲ ਐਪ ਰਾਹੀਂ ਜੇਲ ਦੇ ਅੰਦਰ ਕੈਦੀਆਂ ਅਤੇ ਹਵਾਲਾਤੀਆਂ ਵਿਚ ਰੁਪਏ ਦਾ ਆਦਾਨ-ਪ੍ਰਦਾਨ ਹੋ ਰਿਹਾ ਹੈ, ਜਿਸ ਕਾਰਣ ਮ੍ਰਿਤਕ ਦੇ ਭਰਾ ਸੁਨੀਲ ਸਚਦੇਵਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਐਤਵਾਰ ਦੇ ਦਿਨ ਇਕ ਕੈਦੀ ਰਾਹੀਂ ਸੁਨੇਹਾ ਆਉਣ ’ਤੇ ਆਪਣੇ ਭਰਾ ਦੇ ਖਰਚਣ ਲਈ ਦੋ ਹਜ਼ਾਰ ਰੁਪਏ ਦੀ ਰਾਸ਼ੀ ਪੇ. ਟੀ. ਐੱਮ. ਰਾਹੀਂ ਭੇਜੀ ਜਾ ਚੁੱਕੀ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਪੇ. ਟੀ. ਐੱਮ. ਕਿਸ ਮੋਬਾਇਲ ਰਾਹੀਂ ਜੇਲ ਅੰਦਰ ਚੱਲ ਰਿਹਾ ਹੈ ਅਤੇ ਉਸ ਮੋਬਾਇਲ ਦੀ ਵਰਤੋਂ ਕੌਣ ਕਰ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਜੇਕਰ ਜੇਲ ਅਧਿਕਾਰੀ ਇਸ ਗੱਲ ਦੀ ਜਾਂਚ ਕਰਵਾਉਣ ਤਾਂ ਜੇਲ ਦੇ ਅੰਦਰ ਲੁਕੀਆਂ ਕਾਲੀਆਂ ਭੇਡਾਂ ਬੇਨਕਾਬ ਹੋ ਸਕਦੀਆਂ ਹਨ।


Bharat Thapa

Content Editor

Related News