ਟਰੇਨ ਦੀ ਲਪੇਟ ''ਚ ਆਉਣ ਨਾਲ ਫੌਜੀ ਦੀ ਮੌਤ

6/18/2019 8:46:46 PM

ਅਬੋਹਰ (ਜ. ਬ.)— ਪਿੰਡ ਬਹਾਵਲਵਾਲੀ ਨੇੜੇ ਮੰਗਲਵਾਰ ਸਵੇਰੇ ਟਰੇਨ ਦੀ ਲਪੇਟ 'ਚ ਆਉਣ ਨਾਲ ਥਲ ਸੈਨਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਜੀ. ਆਰ. ਪੀ. ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ ਉਸ ਕੋਲੋਂ ਮਿਲੇ ਏ. ਟੀ. ਐੱਮ. ਕਾਰਡ ਅਤੇ ਹੋਰ ਦਸਤਾਵੇਜ਼ਾਂ ਤੋਂ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਜੀ. ਆਰ. ਪੀ. ਦੇ ਹੌਲਦਾਰ ਭਜਨ ਲਾਲ ਨੇ ਦੱਸਿਆ ਕਿ ਸ਼੍ਰੀਗੰਗਾਨਗਰ 'ਚ ਥਲ ਸੈਨਾ 'ਚ ਤਾਇਨਾਤ ਤਾਮਿਲਨਾਡੂ ਵਾਸੀ ਸਿਪਾਹੀ ਰਾਹੁਲ ਕੁਮਾਰ (27) ਪੁੱਤਰ ਦੇਵਾਦੋਸ ਅੱਜ ਸਵੇਰੇ ਅਚਾਨਕ ਗੱਡੀ 'ਚੋਂ ਡਿੱਗ ਕੇ ਬੁਰੀ ਤਰ੍ਹਾਂ ਫੱਟੜ ਹੋ ਗਿਆ। ਸਵੇਰੇ ਕਰੀਬ 8 ਵਜੇ ਸਾਨੂੰ ਸੂਚਨਾ ਮਿਲੀ ਕਿ ਲਾਈਨਾਂ ਵਿਚਕਾਰ ਇਕ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਅਤੇ ਸੰਮਤੀ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭਜਨ ਲਾਲ ਨੇ ਦੱਸਿਆ ਕਿ ਸ਼੍ਰੀਗੰਗਾਨਗਰ ਸੈਨਾ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

This news is Edited By KamalJeet Singh