ਡੱਬਵਾਲੀ ਬਾਰਡਰ ''ਤੇ ਬੈਰੀਕੇਡ ਤੋੜ ਕੇ ਹਰਿਆਣਾ ਦੀ ਹੱਦ ''ਚ ਦਾਖ਼ਲ ਹੋਏ ਕਿਸਾਨ

11/28/2020 12:03:30 PM

ਸੰਗਤ ਮੰਡੀ/ਸਿਰਸਾ (ਜ.ਬ.,ਲਲਿਤ): ਦਿੱਲੀ ਮਾਰਚ ਲਈ ਪੰਜਾਬ-ਹਰਿਆਣਾ ਸਰਹੱਦ ਡੱਬਵਾਲੀ ਬਾਰਡਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਸੁੱਟ ਦਿੱਤੇ।ਕਿਸਾਨਾਂ ਨੇ ਨਾਕੇ 'ਤੇ ਰਸਤਾ ਰੋਕਣ ਲਈ ਰੱਖੇ ਗਏ ਪੱਥਰਾਂ ਨੂੰ ਹਟਾਇਆ ਤੇ ਫਿਰ ਬੈਰੀਕੇਡ ਦੇ ਸੰਗਲ ਭੰਨ੍ਹ ਕੇ ਹਰਿਆਣਾ ਦੀ ਹੱਦ 'ਚ ਦਾਖਲ ਹੋ ਗਏ। ਡੱਬਵਾਲੀ ਬਾਰਡਰ 'ਤੇ ਰਾਹ ਖੋਲ੍ਹਣ ਲਈ ਹਰਿਆਣਾ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਦੀ ਮਦਦ ਕੀਤੀ।

ਅੰਦੋਲਨਕਾਰੀ ਕਿਸਾਨਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਪੁਲਸ ਵਾਲਿਆਂ ਨੇ ਰਸਤਾ ਛੱਡ ਦਿੱਤਾ ਤੇ ਇਕ ਬੰਨ੍ਹੇ ਖੜ੍ਹ ਕੇ ਸਭ ਵੇਖਦੇ ਰਹੇ। ਵੀਰਵਾਰ ਰਾਤ ਤੇ ਸ਼ੁੱਕਰਵਾਰ ਸਵੇਰੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਡੱਬਵਾਲੀ ਬਾਰਡਰ 'ਤੇ ਇਕੱਠੇ ਹੋ ਗਏ ਹਨ। ਪੁਲਸ ਨੇ ਇਨ੍ਹਾਂ ਨੂੰ ਇਥੇ ਹੀ ਰੋਕੇ ਰੱਖਿਆ ਤੇ ਅੱਗੇ ਨਹੀਂ ਜਾਣ ਦਿੱਤਾ। ਅੱਜ ਕਿਸਾਨਾਂ ਨੇ ਪੁਲਸ ਨੂੰ ਸਾਢੇ 11 ਵਜੇ ਤੱਕ ਬੈਰੀਕੇਡ ਹਟਾ ਕੇ ਰਸਤਾ ਖੋਲ੍ਹਣ ਨੂੰ ਅਲਟੀਮੇਟਮ ਦਿੱਤਾ ਸੀ, ਜਦ ਪੁਲਸ ਨੇ ਬੈਰੀਕੇਡ ਨਹੀਂ ਹਟਾਏ ਤਾਂ ਕਿਸਾਨਾਂ ਨੇ ਫਿਰ ਮੋਰਚਾ ਸੰਭਾਲਦੇ ਹੋਏ ਇਨ੍ਹਾਂ ਨੂੰ ਤੋੜ ਕੇ ਸੁੱਟ ਦਿੱਤਾ। ਪ੍ਰਸ਼ਾਸਨ ਵਲੋਂ ਕਿਸਾਨਾਂ ਦਾ ਰਸਤਾ ਰੋਕਣ ਲਈ ਇਥੇ ਟਰੱਕ ਵੀ ਲਿਆ ਕੇ ਖੜ੍ਹੇ ਕੀਤੇ ਗਏ ਸਨ ਪਰ ਕਿਸਾਨਾਂ ਦੇ ਜਥਿਆਂ ਨੂੰ ਭੜਕਿਆ ਵੇਖ ਕੇ ਤੁਰੰਤ ਹੀ ਟਰੱਕਾਂ ਨੂੰ ਇੱਥੋਂ ਹਟਾ ਦਿੱਤਾ ਗਿਆ।

ਹਰਿਆਣਾ ਪੁਲਸ ਵਲੋਂ ਕਿਸਾਨਾਂ ਦੇ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਬੇਸ਼ੱਕ ਪੁਲਸ ਦੀਆਂ ਤਿੰਨ ਕੰਪਨੀਆਂ ਤੋਂ ਇਲਾਵਾ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਵਾਲੇ ਵਾਹਨਾਂ ਨੂੰ ਬੀੜਿਆ ਗਿਆ ਸੀ ਪਰ ਕਿਸਾਨਾਂ ਦੇ ਦਿੱਲੀ ਪ੍ਰਤੀ ਰੋਸ ਨੂੰ ਵੇਖਦਿਆਂ ਉਨ੍ਹਾਂ ਕਿਸਾਨਾਂ 'ਤੇ ਕੋਈ ਕਾਰਵਾਈ ਕਰਨ ਦੀ ਬਜਾਏ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਦਿੱਲੀ ਜਾਣ ਲਈ ਸਵਾਗਤ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਦੇ ਪੰਜਾਬ ਆਗੂ ਝੰਡਾ ਸਿੰਘ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਿਰੁੱਧ ਸ਼ਾਤਮਈ ਤਰੀਕੇ ਨਾਲ ਸੰਘਰਸ਼ ਕਰਨਗੇ, ਇਸ ਲਈ ਉਨ੍ਹਾਂ ਵਲੋਂ ਬਾਰਡਰ 'ਤੇ ਲੱਗੇ ਬੈਰੀਕੇਡ ਨਹੀਂ ਤੋੜੇ ਗਏ ਸਨ, ਪੰਜਾਬ ਦੀਆਂ 30 ਜਥੇਬੰਦੀਆਂ ਵਲੋਂ ਬੈਰੀਕੇਡ ਤੋੜ ਤੇ ਇਕ ਦਿਨ ਪਹਿਲਾ ਹੀ ਦਿੱਲੀ ਵੱਲ ਚਾਲੇ ਪਾ ਦਿੱਤੇ ਸਨ, ਇਕੱਲਾ ਉਗਰਾਹਾ ਗਰੁੱਪ ਹੀ ਬਾਰਡਰਾਂ 'ਤੇ ਧਰਨੇ ਦੇ ਰਿਹਾ ਸੀ, ਜਿਸ ਕਾਰਨ ਜਥੇਬੰਦੀ ਦਾ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਡਟ ਕੇ ਵਿਰੋਧ ਕੀਤਾ ਜਾ ਰਿਹਾ ਸੀ, ਇਸੇ ਵਿਰੋਧ ਨੂੰ ਵੇਖਦਿਆਂ ਜਥੇਬੰਦੀ ਵੱਲੋਂ ਰਾਤ ਸਮੇਂ ਮੀਟਿੰਗ ਕਰ ਕੇ ਬਾਰਡਰ 'ਤੇ ਲੱਗੇ ਬੈਰੀਕੇਡ ਤੋੜਨ ਦਾ ਫੈਸਲਾ ਕੀਤਾ ਗਿਆ ਸੀ।
ਡੱਬਵਾਲੀ ਦੇ ਰਸਤੇ ਹਰਿਆਣਾ 'ਚ ਦਾਖਲ ਹੋ ਕੇ ਇਹ ਕਿਸਾਨ ਹੁਣ ਅੱਗੇ ਦਿੱਲੀ ਵੱਲ ਨੂੰ ਕੂਚ ਕਰ ਗਏ। ਜ਼ਿਲਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਰੋਕਣ ਲਈ ਸਿਰਸਾ ਦੇ ਨੇੜੇ ਪਿੰਡ ਖੈਰੇਕਾਂ ਕੋਲ ਘੱਗਰ ਨਦੀ ਦੇ ਪੁਲ 'ਤੇ ਵੱਡੀਆਂ ਪਾਈਪਾਂ ਤੇ ਮਿੱਟੀ ਲਾ ਕੇ ਨਾਕੇ ਬਣਾਏ ਹੋਏ ਸੀ, ਜੋ ਕਿਸਾਨਾਂ ਨੇ ਟਰੈਕਟਰ ਦੀ ਮਦਦ ਨਾਲ ਇਨ੍ਹਾਂ ਨਾਕਿਆਂ ਨੂੰ ਵੀ ਖੋਲ੍ਹ ਦਿੱਤਾ। ਅੰਦੋਲਨਕਾਰੀ ਕਿਸਾਨਾਂ ਲਈ ਲੰਗਰ ਦੀ ਪੂਰੀ ਵਿਵਸਥਾ ਵੀਂ ਕੀਤੀ ਗਈ ਸੀ। ਕਿਸਾਨਾਂ ਨੂੰ ਇਥੇ ਰੋਕ ਕੇ ਲੰਗਰ ਪ੍ਰਸ਼ਾਦ ਛਕਾਇਆ ਗਿਆ।


Shyna

Content Editor

Related News