ਕਰਫਿਊ ’ਚ ਚੋਰਾਂ ਨੇ ਕਰਿਆਨੇ ਦੀ ਦੁਕਾਨ ''ਤੇ ਸਾਫ ਕੀਤਾ ਹੱਥ

03/26/2020 12:40:33 PM

ਤਪਾ ਮੰਡੀ (ਸ਼ਾਮ, ਗਰਗ) - ਕੋਰੋਨਾ ਵਾਇਰਸ਼ ਦੀ ਮਹਾਂਮਾਰੀ ਕਾਰਨ ਦੇਸ਼ ਭਰ 'ਚ ਜਿਥੇ ਲਾਕਡਾਊਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਉਥੇ ਹੀ ਸੂਬਾ ਸਰਕਾਰ ਵਲੋਂ ਲਗਾਏ ਕਰਫਿਊ 'ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਚੋਰਾਂ ਵਲੋਂ ਟਰੱਕ ਯੂਨੀਅਨ ਨੇੜੇ ਕਰਿਆਨਾ ਦੀ ਦੁਕਾਨ ਦੇ ਜਿੰਦਰੇ ਭੰਨ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲੈਣ ਦੀ ਸੂਚਨਾ ਮਿਲੀ ਹੈ। ਦੁਕਾਨ ਮਾਲਕ ਕੇਵਲ ਕ੍ਰਿਸ਼ਨ ਬਰੇਟਿਆਂ ਵਾਲੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਬੀਮਾਰੀ ਕਾਰਨ ਸ਼ਹਿਰ 'ਚ ਚਾਰ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ, ਜਿਸ ਕਾਰਨ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਅੱਜ ਸਵੇਰੇ 4 ਵਜੇ ਦੇ ਕਰੀਬ ਕਿਸੇ ਵਿਅਕਤੀ ਨੇ ਦੁਕਾਨ ਮਾਲਕ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਦਾ ਸ਼ਟਰ ਚੁੱਕਾ ਪਿਆ ਹੈ ਅਤੇ ਲਾਈਟ ਚੱਲ ਰਹੀ ਹੈ।

ਆਪਣੇ ਪੁੱਤਰ ਨਾਲ ਜਦੋਂ ਉਹ ਦੁਕਾਨ 'ਤੇ ਪੁੱਜਾ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਾਮਾਨ ਖਿਲਰਿਆਂ ਪਿਆ ਸੀ, ਜਿਸ ’ਚੋਂ ਇਕ ਦੇਸੀ ਘਿਉ ਦਾ ਪੀਪਾ, ਖੰਡ ਦਾ ਗੱਟਾ, 40 ਕਿਲੋ ਆਟਾ, ਰਿਫਾਇੰਡ ਬੋਤਲਾਂ, ਚਾਹ ਪੱਤੀ, ਨਾਹੁਣ ਵਾਲਾ ਸਾਬੁਣ, 2 ਹਜ਼ਾਰ ਰੁਪਏ ਦੀ ਭਾਨ ਅਤੇ ਹੋਰ ਸਾਮਾਨ, ਜਿਸ ਦੀ ਕੀਮਤ 15 ਹਜ਼ਾਰ ਰੁਪਏ ਬਣਦੀ ਹੈ, ਚੋਰੀ ਕਰਕੇ ਲੈ ਗਏ। ਚੋਰੀ ਦੀ ਇਸ ਘਟਨਾ ਦੇ ਸਬੰਧ ’ਚ ਦੁਕਾਨਦਾਰ ਨੇ ਸਿਟੀ ਪੁਲਸ ਨੂੰ ਸੂਚਨਾ ਦਿੱਤੀ। ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲ ਕੇ ਜਾਂਚ ਕੀਤੀ ਜਾ ਰਹੀ ਹੈ।


rajwinder kaur

Content Editor

Related News