ਆਸਟ੍ਰੇਲੀਆ ਦੇ ਐਲਿਸ ਸਪ੍ਰਿੰਗਜ਼ ’ਚ ਹਿੰਸਕ ਝੜਪ ਤੋਂ ਬਾਅਦ ਨੌਜਵਾਨਾਂ ’ਤੇ 2 ਹਫ਼ਤਿਆਂ ਦਾ ਕਰਫਿਊ
Friday, Mar 29, 2024 - 09:30 AM (IST)
ਜਲੰਧਰ (ਇੰਟ)- ਆਸਟ੍ਰੇਲੀਆ ਦੇ ਉੱਤਰੀ ਖੇਤਰ ਦੇ ਸੈਰ-ਸਪਾਟਾ ਸ਼ਹਿਰ ਐਲਿਸ ਸਪ੍ਰਿੰਗਜ਼ ਵਿਚ 150 ਹਥਿਆਰਬੰਦ ਲੋਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ’ਤੇ ਦੋ ਹਫ਼ਤਿਆਂ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕਰਫਿਊ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਲਾਗੂ ਰਹੇਗਾ। ਐਲਿਸ ਸਪ੍ਰਿੰਗਜ਼ ’ਚ ਸਵਦੇਸ਼ੀ ਆਸਟ੍ਰੇਲੀਅਨਾਂ ਦੀ ਇਕ ਵੱਡੀ ਆਬਾਦੀ ਹੈ ਜੋ ਡੂੰਘੀਆਂ ਸਮਾਜਿਕ ਵੰਡਾਂ ਤੋਂ ਪੀੜਤ ਹਨ।
ਇਹ ਵੀ ਪੜ੍ਹੋ: ਮਥੁਰਾ 'ਚ ਵਾਪਰੀ ਵੱਡੀ ਵਾਰਦਾਤ: ਦਿਨ-ਦਿਹਾੜੇ 22 ਸਾਲਾ ਨੌਜਵਾਨ ਨੂੰ ਜ਼ਿੰਦਾ ਸਾੜਿਆ
ਹਿੰਸਾ ’ਚ ਹੋਈ ਸੀ ਇਕ ਦੀ ਮੌਤ
ਉੱਤਰੀ ਖੇਤਰ (ਐੱਨ.ਟੀ) ਦੀ ਪ੍ਰੀਮੀਅਰ ਈਵਾ ਲਾਲਰ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਐਲਿਸ ਸਪ੍ਰਿੰਗਜ਼ ’ਚ ਸੜਕਾਂ ’ਤੇ ਸ਼ਾਂਤੀ ਨਾਲ ਚੱਲ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਸ਼ਹਿਰ ’ਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਖਰੀਦਦਾਰੀ ਕੇਂਦਰਾਂ ਅਤੇ ਬੱਚਿਆਂ ਦੇ ਸਕੂਲਾਂ ’ਚ ਜਾ ਸਕਣ। ਪੁਲਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਹਿੰਸਾ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਸਥਾਨਕ ਪਰਿਵਾਰਾਂ ਵਿਚ ਝਗੜਾ ਹੋਇਆ ਜੋ ਭਿਆਨਕ ਝੜਪ ਵਿਚ ਬਦਲ ਗਿਆ ਸੀ। ਇਸ ਦੌਰਾਨ ਪੁਲਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਸਨ।
ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਦਾਅਵਾ
ਐਨ.ਟੀ. ਪੁਲਸ ਕਮਿਸ਼ਨਰ ਮਾਈਕਲ ਮਰਫੀ ਨੇ ਦਾਅਵਾ ਕੀਤਾ ਕਿ ਪੁਲਸ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰੇਗੀ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਵਰਣਨਯੋਗ ਹੈ ਕਿ ਐਲਿਸ ਸਪ੍ਰਿੰਗਜ਼ ਸਿਡਨੀ ਦੇ ਉੱਤਰ-ਪੱਛਮ ਵਿਚ ਲਗਭਗ 2,000 ਕਿਲੋਮੀਟਰ ਦੂਰ ਆਊਟਬੈਕ ਖੇਤਰ ਵਿਚ ਇਕ ਦੂਰ-ਦੁਰਾਡੇ ਦਾ ਸ਼ਹਿਰ ਹੈ। ਐਲਿਸ ਸਪ੍ਰਿੰਗਜ਼ ਦੇ 26,000 ਨਿਵਾਸੀਆਂ ’ਚੋਂ ਪੰਜਵਾਂ ਹਿੱਸਾ ਸਵਦੇਸ਼ੀ ਆਸਟ੍ਰੇਲੀਅਨ ਹਨ। ਸਰਕਾਰ ਨੇ ਹਿੰਸਾ ਅਤੇ ਜਿਨਸੀ ਸ਼ੋਸ਼ਣ ਨੂੰ ਘੱਟ ਕਰਨ ਲਈ ਸ਼ਹਿਰ ਵਿੱਚ ਸਾਲਾਂ ਤੋਂ ਸ਼ਰਾਬ ਦੀ ਵਿਕਰੀ ’ਤੇ ਰੋਕ ਲਗਾਈ ਹੋਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।