ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨੀਆਂ ਵਰਤੋ : ਸਿਵਲ ਸਰਜਨ

03/19/2020 1:12:34 PM

ਫਤਿਹਗ੍ਹੜ ਸਾਹਿਬ (ਜਗਦੇਵ): ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਅੱਜ ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਨੇ ਜ਼ਿਲੇ ਦੇ ਸਮੂਹ ਰੂਰਲ ਮੈਡੀਕਲ ਅਫਸਰਾਂ, ਆਯੁਰਵੈਦਿਕ ਮੈਡੀਕਲ ਅਫਸਰਾਂ, ਸਕੂਲ ਹੈਲਥ ਟੀਮਾਂ, ਜ਼ਿਲਾ ਕੈਮਿਸਟ ਐਸੋਸੀਏਸ਼ਨ ਅਤੇ ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ, ਜਿਸ 'ਚ ਇਨ੍ਹਾਂ ਸਾਰਿਆਂ ਨੂੰ ਕੋਰੋਨਾ ਵਾਇਰਸ ਸਬੰਧੀ ਸੈਂਸੇਟਾਈਜ਼ ਕੀਤਾ ਗਿਆ। ਜ਼ਿਲੇ ਦੇ ਸਮੂਹ ਰੂਰਲ ਮੈਡੀਕਲ ਅਫਸਰਾਂ, ਆਯੁਰਵੈਦਿਕ ਮੈਡੀਕਲ ਅਫਸਰਾਂ, ਸਕੂਲ ਹੈਲਥ ਟੀਮਾਂ ਨੂੰ ਆਮ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ।

ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਆਪੋ ਆਪਣੇ ਹਸਪਾਲਾਂ 'ਚ ਫਲੂ ਕਾਰਨਰ ਸਥਾਪਿਤ ਕਰਨ ਤੇ ਆਈਸੋਲੇਸ਼ਨ ਵਾਰਡ ਬਣਾਉਣ ਦੀ ਹਦਾਇਤ ਕੀਤੀ ਗਈ ਤਾਂ ਕਿ ਕਿਸੇ ਵੀ ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਤੁਰੰਤ ਆਈਸੋਲੇਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕੋਰੋਨਾ ਦਾ ਸ਼ੱਕੀ ਮਰੀਜ਼ ਤੁਹਾਡੇ ਹਸਪਤਾਲ 'ਚ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲਾ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਨੂੰ ਦਿੱਤੀ ਜਾਵੇ। ਜ਼ਿਲਾ ਕੈਮਿਸਟ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨਾਲ ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਆਪਣੇ ਮੈਡੀਕਲ ਸਟੋਰਾਂ ਤੇ ਲੋਂੜੀਂਦੇ ਮਾਸਕ, ਸੈਨੀਟਾਈਜ਼ਰ ਅਤੇ ਦਵਾਈਆਂ ਲੋੜੀਂਦੀ ਮਾਤਰਾ 'ਚ ਰੱਖਣਾ ਯਕੀਨੀ ਬਣਾਈਆਂ ਜਾਣ ਤੇ ਆਮ ਲੋਕਾਂ ਤੋਂ ਮਾਸਕ, ਸੈਨੀਟਾਈਜ਼ਰ ਜਾਂ ਹੋਰ ਲੋੜੀਂਦੀਆਂ ਦਵਾਈਆਂ ਦੀ ਕੀਮਤ ਕੰਟਰੋਲ ਰੇਟ ਤੋਂ ਵੱਧ ਵਸੂਲ ਨਾ ਕੀਤੀ ਜਾਵੇ, ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦਾ ਜ਼ਿਲੇ 'ਚ ਹੁਣ ਤੱਕ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਜਿਸ ਕਰ ਕੇ ਕਿਸੇ ਨੂੰ ਵੀ ਇਸ ਤੋਂ ਡਰਨ ਦੀ ਜ਼ਰੂਰਤ ਨਹੀ ਹੈ।

ਉਨ੍ਹਾਂ ਦੱਸਿਆ ਕਿ ਤੰਦਰੁਸਤ ਵਿਅਕਤੀ ਨੂੰ ਮਾਸਕ ਪਹਿਨਣ ਦੀ ਕੋਈ ਲੋੜ ਨਹੀਂ ਹੁੰਦੀ। ਮਾਸਕ ਕੇਵਲ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਜਾਂ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਜਾਂ ਇਲਾਜ ਕਰਨ ਵਾਲੇ ਮੈਡੀਕਲ ਜਾਂ ਪੈਰਾ-ਮੈਡੀਕਲ ਸਟਾਫ ਨੂੰ ਜ਼ਰੂਰਤ ਹੁੰਦੀ ਹੈ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਪ੍ਰਸ਼ੋਤਮ ਦਾਸ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲਾ ਟੀ. ਬੀ. ਅਫਸਰ ਡਾ. ਰਾਜੇਸ਼ ਕੁਮਾਰ, ਜ਼ਿਲਾ ਐਪੀਡੀਮੋਲੋਜਿਸਟ ਡਾ. ਦੀਪਤੀ ਸ਼ਰਮਾ ਅਤੇ ਡਾ. ਹਰਬੀਰ ਸਿੰਘ, ਜ਼ਿਲਾ ਸਕੂਲ ਹੈਲਥ ਮੈਡੀਕਲ ਅਫਸਰ ਡਾ. ਨਵਨੀਤ ਕੌਰ, ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਅਤੇ ਸੁਨੀਲ ਕੁਮਾਰ ਹਾਜ਼ਰ ਸਨ।


Shyna

Content Editor

Related News