ਸੀ. ਐੱਮ. ਸਿਟੀ ਦੇ ਕਾਂਗਰਸੀ ਆਗੂਆਂ ''ਚ ਮੁੜ ''ਸਿਆਸੀ ਯੁੱਧ'' ਸ਼ੁਰੂ

02/03/2020 12:57:05 PM

ਪਟਿਆਲਾ (ਜੋਸਨ)–ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਤੋਂ ਬਾਅਦ ਸੀ. ਐੱਮ. ਸਿਟੀ ਵਿਚ ਕਾਂਗਰਸੀ ਆਗੂਆਂ ਵਿਚਕਾਰ ਮੁੜ 'ਸਿਆਸੀ ਯੁੱਧ' ਸ਼ੁਰੂ ਹੋ ਚੁੱਕਾ ਹੈ। ਜੱਗ ਜ਼ਾਹਿਰ ਹੈ ਕਿ ਮੋਤੀ ਮਹਿਲ ਅਤੇ ਬ੍ਰਹਮ ਮਹਿੰਦਰਾ ਵਿਚਕਾਰ ਹਮੇਸ਼ਾ ਹੀ 36 ਦਾ ਅੰਕੜਾ ਰਿਹਾ ਹੈ। ਕਾਂਗਰਸ ਸਰਕਾਰ ਦੇ ਸ਼ੁਰੂ ਵਿਚ ਹੀ ਦੋਵਾਂ ਧੜਿਆਂ ਦੀ ਆਪਸੀ 'ਸੈਟਿੰਗ' ਹੋਈ ਸੀ। ਪਿਛਲੇ ਸਮੇਂ ਤੋਂ ਚੱਲ ਰਿਹਾ ਸੀਤ ਯੁੱਧ ਇਕ ਵਾਰ ਫਿਰ ਧਮਾਕੇ ਨਾਲ ਸ਼ੁਰੂ ਹੋ ਗਿਆ ਹੈ।

ਮੋਤੀ ਮਹਿਲ ਨੇ ਕੌਂਸਲਰਾਂ ਦੀਆਂ ਚੋਣਾਂ ਤੋਂ ਬਾਅਦ ਮੇਅਰ, ਸੀਨੀ. ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨੇ ਅਹੁਦਿਆਂ ਨੂੰ ਬ੍ਰਹਮ ਮਹਿੰਦਰਾ ਦੇ ਖੇਮੇ ਵਿਚੋਂ ਹਥਿਆ ਲਿਆ ਸੀ। ਉਸ ਸਮੇਂ ਬ੍ਰਹਮ ਮਹਿੰਦਰਾ ਦੇ ਹਲਕੇ ਦੇ ਸਮੁੱਚੇ ਕੌਂਸਲਰਾਂ ਦੀ ਹਾਲ-ਦੁਹਾਈ ਤੋਂ ਬਾਅਦ ਵੀ ਬ੍ਰਹਮ ਮਹਿੰਦਰਾ ਨੇ ਆਪਣੀ 'ਮੁੱਠੀ' ਨੂੰ ਬੰਦ ਰੱਖਿਆ। ਹੁਣ ਮੌਕਾ ਮਿਲਣ 'ਤੇ ਆਪ ਹੀ ਇਕ ਵਾਰ ਫਿਰ ਆਪਣੇ ਵਾਰਡ ਦੇ ਕੌਂਸਲਰਾਂ ਨੂੰ ਨਿਗਮ ਦੇ ਚੁੰਗਲ ਵਿਚੋਂ ਕੱਢ ਕੇ ਸਿੱਧੇ ਤੌਰ 'ਤੇ ਇੰਪਰੂਵਮੈਂਟ ਟਰੱਸਟ ਨਾਲ ਜੋੜ ਦਿੱਤਾ ਹੈ। ਇਸ ਤੋਂ ਸਭ ਧਿਰਾਂ ਹੈਰਾਨ ਹਨ।
ਪਟਿਆਲਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਪਰੂਵਮੈਂਟ ਟਰੱਸਟ ਸਿੱਧੇ ਤੌਰ 'ਤੇ ਨਗਰ ਨਿਗਮ ਵਿਚ ਦਖਲਅੰਦਾਜ਼ੀ ਕਰੇਗਾ। ਇਸ ਤੋਂ ਮੇਅਰ ਨੂੰ ਵੱਖ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ ਦਾ ਅਸਰ ਪੰਜਾਬ ਦੀਆਂ 129 ਨਗਰ ਕੌਂਸਲਾਂ ਅਤੇ 6 ਨਗਰ ਨਿਗਮਾਂ ਦੀਆਂ ਚੋਣਾਂ 'ਤੇ ਪੈਣਾ ਤੈਅ ਹੈ। ਸਥਾਨਕ ਸਰਕਾਰਾਂ ਨੇ ਲੋਕਾਂ ਵੱਲੋਂ ਚੁਣੇ ਗਏ ਲੋਕਾਂ ਵਿਚ ਵਿਸ਼ਵਾਸ ਪ੍ਰਗਟ ਨਾ ਕਰਦਿਆਂ ਗ਼ੈਰ-ਸਰਕਾਰੀ ਅਹੁਦੇ 'ਤੇ ਬੈਠੇ ਲੋਕਾਂ 'ਚ ਜ਼ਿਆਦਾ ਵਿਸ਼ਵਾਸ ਪ੍ਰਗਟਾਇਆ ਹੈ।

PunjabKesari

ਪਟਿਆਲਾ ਸਿਟੀ-1 ਦੇ ਕੌਂਸਲਰਾਂ ਨੇ ਰੋਸ ਵਜੋਂ ਲਿਖਿਆ ਸੀ. ਐੱਮ. ਨੂੰ ਪੱਤਰ
ਦੂਜੇ ਪਾਸੇ ਪਟਿਆਲਾ ਸਿਟੀ-1 ਦੇ ਕੌਂਸਲਰਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅੱਜ ਇਕ ਪੱਤਰ ਲਿਖ ਕੇ ਬ੍ਰਹਮ ਮਹਿੰਦਰਾ ਦੇ ਇਸ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਖਿਆ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਸਭ ਕੁਝ ਆਪਣੇ ਪੁੱਤਰ ਨੂੰ ਪਟਿਆਲਾ ਦਿਹਾਤੀ ਵਿਧਾਨ ਸਭਾ ਲਈ ਤਿਆਰ ਕਰਨ ਲਈ ਕੀਤਾ ਹੈ।

ਮੇਅਰ ਵੱਲੋਂ ਦਾਅਵਾ : ਪਟਿਆਲਾ-2 ਲਈ ਐੱਫ. ਐਂਡ ਸੀ. ਸੀ. ਨੇ 41 ਕਰੋੜ ਦੇ ਵਿਕਾਸ ਕਾਰਜ ਕੀਤੇ ਪਾਸ
ਦੂਜੇ ਪਾਸੇ ਮੇਅਰ ਸੰਜੀਵ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਪਟਿਆਲਾ-2 ਦੇ ਵਿਕਾਸ ਕਾਰਜਾਂ ਲਈ 41 ਕਰੋੜ ਰੁਪਏ ਦੇ ਕੰਮ ਪਾਸ ਕੀਤੇ ਗਏ ਹਨ। ਇਨ੍ਹਾਂ ਵਿਚੋਂ 27 ਕਰੋੜ 23 ਲੱਖ ਰੁਪਏ ਦੇ ਕੰਮ ਮੁਕੰਮਲ ਹੋ ਚੁੱਕੇ ਹਨ। 40 ਕਰੋੜ 15 ਲੱਖ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋਣ ਵਾਲੇ ਹਨ। 2 ਕਰੋੜ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਪਟਿਆਲਾ-2 ਲਈ 54 ਕਰੋੜ 74 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸੂਚੀ ਭਵਿੱਖ ਦੇ ਵਿਕਾਸ ਕਾਰਜਾਂ ਲਈ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਪਟਿਆਲਾ-2 ਦੇ ਵਾਧੂ ਵਿਕਾਸ ਲਈ 5 ਕਰੋੜ 37 ਲੱਖ ਰੁਪਏ ਦੇ ਕੰਮ ਮੁਕੰਮਲ ਹੋ ਚੁੱਕੇ ਹਨ। 6 ਕਰੋੜ 41 ਲੱਖ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਹੇ ਹਨ।

ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਟਿਆਲਾ-2 ਅਧੀਨ ਆਉਂਦੇ 27 ਵਾਰਡਾਂ 'ਚ ਵਿਕਾਸ ਲਈ ਕਦੇ ਕੋਈ ਪੱਖਪਾਤ ਨਹੀਂ ਕੀਤਾ। ਉਪਰੋਕਤ ਸਰਕਾਰੀ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਟਿਆਲਾ-2 ਵਿਚ ਕਿੰਨਾ ਵਿਕਾਸ ਹੋਇਆ ਹੈ। ਸਥਾਨਕ ਬਾਡੀ ਵੱਲੋਂ ਦਿੱਤੇ ਗਏ ਨਵੇਂ ਹੁਕਮਾਂ ਬਾਰੇ ਪੁੱਛੇ ਜਾਣ 'ਤੇ ਮੇਅਰ ਨੇ ਕਿਹਾ ਕਿ ਉਨ੍ਹਾਂ ਆਪਣੇ ਸੀਨੀਅਰ ਆਗੂਆਂ ਨੂੰ ਇਸ ਸਾਰੇ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਹੈ। ਅੰਤਿਮ ਫੈਸਲਾ ਉਨ੍ਹਾਂ ਦੇ ਸੀਨੀਅਰ ਆਗੂ ਹੀ ਲੈਣਗੇ।


Shyna

Content Editor

Related News