ਕਾਂਗਰਸ ਕਰ ਰਹੀ ਹੈ ਸੂਬੇ ਦੇ ਕਿਸਾਨਾਂ ਨਾਲ ਵੱਡਾ ਧੋਖਾ : ਗਰਗ

09/17/2020 6:07:05 PM

ਭਵਾਨੀਗੜ੍ਹ (ਵਿਕਾਸ, ਕਾਂਸਲ) - ਸ੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸਾ ਕਿਸਾਨਾਂ ਦੇ ਹਿੱਤ ਲਈ ਸੰਘਰਸ ਕੀਤਾ ਹੈ ਅਤੇ ਪੰਜਾਬ ਅਤੇ ਕਿਸਾਨ ਵਿਰੋਧੀ ਕਿਸੇ ਵੀ ਫੈਸਲੇ ਖਿਲਾਫ਼ ਦਲ ਵੱਲੋਂ ਆਖਰੀ ਦਮ ਤੱਕ ਲੜਾਈ ਲੜੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸ੍ਰੀ ਗਰਗ ਨੇ ਕਿਹਾ ਕਿ ਪਾਰਲੀਮੈਂਟ ’ਚ ਸਬੰਧਿਤ ਮੰਤਰੀ ਨੇ ਕਿਹਾ ਹੈ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਜਾਰੀ ਕਰਨ ਤੋਂ ਪਹਿਲਾਂ ਅੱਠ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਜੋ ਹਾਈ ਪਾਵਰ ਕਮੇਟੀ ਬਣਾਈ ਸੀ ਉਨ੍ਹਾਂ ਸਭ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਹ ਆਰਡੀਨੈਂਸ ਲਾਗੂ ਕੀਤੇ ਗਏ ਹਨ ਅਤੇ ਇਸ ਹਾਈ ਪਾਵਰ ਕਮੇਟੀ ’ਚ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਸੀ। ਇਸ ਨਾਲ ਜਿਥੇ ਕਾਂਗਰਸ ਦਾ ਦੋਗਲਾ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈ ਉਥੇ ਨਾਲ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਪੰਜਾਬ ਅਤੇ ਕਿਸਾਨ ਵਿਰੋਧੀ ਹੈ ਅਤੇ ਕਾਂਗਰਸ ਨੇ ਇੱਕ ਪਾਸੇ ਆਰਡੀਨੈਂਸਾਂ ਨੂੰ ਲਿਆਉਣ ਲਈ ਸਹਿਮਤੀ ਦਿੱਤੀ ਤੇ ਦੂਜੇ ਪਾਸੇ ਵਿਰੋਧ ਕਰਨ ਦਾ ਢਕਵੰਜ ਕਰਕੇ ਸੂਬੇ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਇਸ ਲਈ ਕਾਂਗਰਸ ਨੂੰ ਇਸ ਗੁਨਾਹ ਦੀ ਜਨਤਕ ਤੌਰ ਤੇ ਮਾਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਭਗਵੰਤ ਸਿੰਘ ਮਾਨ ਜੋ ਕਦੇ ਵੀ ਕਿਸੇ ਵੀ ਮਾਮਲੇ ਪ੍ਰਤੀ ਗੰਭੀਰ ਨਹੀਂ ਰਹੇ ਉਨ੍ਹਾਂ ਨੇ ਪਾਰਲੀਮੈਂਟ ’ਚ ਇਸ ਮਹੱਤਵਪੂਰਨ ਬਿੱਲ ’ਤੇ ਗ਼ੈਰ ਸੰਜੀਦਗੀ ਦਿਖਾਉਂਦੇ ਹੋਏ ਉਹ ਇਸ ਬਿੱਲ ਦੇ ਜੁਬਾਨੀ ਪਾਸ ਹੋਣ ਸਮੇਂ ਪਾਰਲੀਮੈਂਟ ’ਚੋਂ ਗੈਰ ਹਾਜ਼ਰ ਹੋਏ ਅਤੇ ਕਾਂਗਰਸ ਦਾ ਵੀ ਕੋਈ ਵੀ ਪਾਰਲੀਮੈਂਟ ਮੈਂਬਰ ਵੋਟਿੰਗ ਸਮੇਂ ਹਾਜ਼ਰ ਨਹੀਂ ਸੀ। ਇਸ ਤਰ੍ਹਾਂ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਵੀ ਦੋਗਲਾ ਚਿਹਰਾ ਲੋਕਾਂ ਅੱਗੇ ਨੰਗਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਆੜਤੀਆਂ ਅਤੇ ਮਜਦੂਰਾਂ ਦੇ ਇਨ੍ਹੈ ਰੋਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਵਿਵਾਦਿਤ ਬਿੱਲ ਨੂੰ ਪਾਰਲੀਮੈਂਟ ’ਚ ਪੇਸ਼ ਕਰਕੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਕਰਨਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਆਕਲੀ ਦਲ ਬਾਦਲ ਨੇ ਕੇਂਦਰ ’ਚ ਭਾਈਵਾਲ ਹੋਣ ਦੇ ਨਾਤੇ ਭਾਜਪਾ ਨੂੰ ਇਹ ਸਪੱਸਟ ਕਰ ਦਿੱਤਾ ਸੀ ਕਿ ਕੇਂਦਰ ਸਰਕਾਰ ਖੇਤੀਬਾੜੀ ਨਾਲ ਸੰਬੰਧਿਤ ਤਿੰਨਾਂ ਆਰਡੀਨੈਂਸਾਂ ਨੂੰ ਪਾਰਲੀਮੈਂਟ ’ਚ ਲਿਆਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ, ਖੇਤੀਬਾੜੀ ਮਾਹਿਰਾਂ ਅਤੇ ਕਿਸਾਨ ਹਿਤੈਸੀ ਰਾਜਸੀ ਪਾਰਟੀਆਂ ਨਾਲ ਚਰਚਾ ਕਰਕੇ ਜਿਨ੍ਹਾਂ ਸਮਾਂ ਸਹਿਮਤੀ ਨਹੀਂ ਬਣਦੀ ਉਨ੍ਹਾਂ ਚਿਰ ਇਸ ਨੂੰ ਪਾਰਲੀਮੈਂਟ ’ਚ ਨਾ ਲਿਆਂਦਾ ਜਾਵੇ ਪਰ ਸਾਡੀ ਇਸ ਸਲਾਹ ਨੂੰ ਸਾਡੀ ਭਾਈਵਾਲ ਪਾਰਟੀ ਭਾਜਪਾ ਨੇ ਕੋਈ ਤਵੱਜੋ ਨਾ ਦੇ ਕੇ ਗੱਠਜੋੜ ਦੇ ਸਿਧਾਂਤ ਨੂੰ ਵੀ ਅਣਗੌਲਿਆ ਕਰ ਦਿੱਤਾ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਸਾਨਾਂ ਹਿੱਤਾਂ ’ਤੇ ਪਹਿਰਾ ਦਿੰਦੇ ਹੋਏ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ’ਚ ਪਾਰਟੀ ਦਾ ਸਟੈਂਡ ਸਪੱਸਟ ਕਰਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਆੜ੍ਹਤੀਆਂ ਮਜਦੂਰਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਨ੍ਹਾਂ ਬਿਲਾਂ ਦਾ ਵਿਰੋੋਧ ਕਰਦੇ ਹਾਂ ਸਾਡੇ ਲਈ ਰਾਜਸੀ ਸੱਤਾ ਨਾਲੋਂ ਪੰਜਾਬ ਦੇ ਹਿੱਤ ਪਿਆਰੇ ਹਨ।

ਅਸੀਂ ਪੰਜਾਬ ਦੇ ਹਿੱਤਾਂ ਲਈ ਕੋਈ ਵੀ ਸਮਝੋਤਾ ਨਾ ਕਰਕੇ ਕੋਈ ਵੀ ਕੁਰਬਾਨੀ ਦੇ ਸਕਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕਿਸਾਨਾਂ ਦੇ ਹਿੱਤਾਂ ’ਤੇ ਪਹਿਰਾ ਦਿੰਦੇ ਹੋਏ ਲਏ ਗਏ ਸਟੈਂਡ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਵੱਡੀ ਤਾਕਤ ਮਿਲੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਨੇ ਪੂਰੇ ਪੰਜਾਬ ਦੇ ਲੋਕਾਂ ਦਾ ਮਨ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਕਿਸਾਨ ਹਤੈਸੀ ਹੈ ਅਤੇ ਇਸ ਸੰਘਰਸ਼ ’ਚ ਉਸ ਵੱਲੋਂ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਦੇਵ ਸਿੰਘ ਕਾਲਾਝਾੜ, ਰੁਪਿੰਦਰ ਸਿੰਘ ਰੰਧਾਵਾਂ ਅਤੇ ਰਵਜਿੰਦਰ ਸਿੰਘ ਕਾਕੜਾ ਸਾਰੇ ਸਰਕਲ ਪ੍ਰਧਾਨ ਅਤੇ ਹੋਰ ਆਗੂ ਵੀ ਮੌਜੂਦ ਸਨ।


Harinder Kaur

Content Editor

Related News