ਕਾਂਗਰਸ ਪਾਰਟੀ ਨੂੰ ਦਲ ਬਦਲੂਆਂ ਤੋਂ ਸੁਚੇਤ ਹੋਣ ਦੀ ਲੋੜ : ਦੂਲੋਂ

Sunday, Mar 10, 2024 - 06:07 PM (IST)

ਕਾਂਗਰਸ ਪਾਰਟੀ ਨੂੰ ਦਲ ਬਦਲੂਆਂ ਤੋਂ ਸੁਚੇਤ ਹੋਣ ਦੀ ਲੋੜ : ਦੂਲੋਂ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਦਲ ਬਦਲੂਆਂ ਦਾ ਕੋਈ ਆਧਾਰ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਨੇ ਆਪਣਾ ਵਪਾਰ ਚਲਾਉਣ ਲਈ ਸੱਤਾਧਿਰ ਨਾਲ ਸਾਂਝ ਪਾਉਣੀ ਹੁੰਦੀ ਹੈ ਇਸ ਲਈ ਅੱਜ ਜ਼ਰੂਰਤ ਹੈ ਕਿ ਕਾਂਗਰਸ ਹਾਈਕਮਾਂਡ ਇਨ੍ਹਾਂ ਦਲ-ਬਦਲੂਆਂ ਤੋਂ ਸੁਚੇਤ ਰਹੇ। ਨੇੜਲੇ ਪਿੰਡ ਉਧੋਵਾਲ ਵਿਖੇ ਆਪਣੇ ਪੁਰਾਣੇ ਸਾਥੀ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਉਧੋਵਾਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਦੂਲੋਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸਦੇ ਰਾਜ ਵਿਚ ਦਲ ਬਦਲੂ ਆਉਣੇ ਸ਼ੁਰੂ ਹੋਏ ਜਿਸ ਕਾਰਨ ਪਾਰਟੀ ਨੂੰ 2022 ਵਿਚ ਸੱਤਾ ਤੋਂ ਹੱਥ ਧੋਣੇ ਪਏ ਅਤੇ ਅੱਜ ਜੋ ਕਾਂਗਰਸ ਸਮੇਂ ਰਾਜ ਕਰਦੇ ਰਹੇ ਉਹ ਫਿਰ ਦਲ ਬਦਲ ਕੇ ਦੂਜੀਆਂ ਪਾਰਟੀਆਂ ਵਿਚ ਜਾ ਰਲੇ। 

ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਟਕਸਾਲੀ ਤੇ ਪਾਰਟੀ ਹਿੱਤਾਂ ਲਈ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਦੀ ਪਹਿਚਾਣ ਕਰ ਅੱਗੇ ਲਿਆਉਣਾ ਚਾਹੀਦਾ ਹੈ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹੋਈ ਤਕਰਾਰਬਾਜ਼ੀ ’ਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਤੰਜ ਕਸਦਿਆਂ ਕਿਹਾ ਕਿ ਜਿਵੇਂ ਪਿੰਡ ਵਿਚ ਬੁੜੀਆਂ ਲੜਦੀਆਂ ਹਨ ਉਵੇਂ ਭਗਵੰਤ ਸਿੰਘ ਮਾਨ ਵਿਰੋਧੀਆਂ ਨਾਲ ਲੜਦਾ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਹੱਕ ਬਣਦਾ ਹੈ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਜੋ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਰਿਆਦਾ ਦਾ ਉਲੰਘਣ ਕਰ ਗਲਤ ਸ਼ਬਦਾਵਲੀ ਵਰਤੀ। ਦੂਲੋਂ ਨੇ ਸਵ. ਪ੍ਰਕਾਸ਼ ਸਿੰਘ ਬਾਦਲ, ਸਵ. ਗਿਆਨੀ ਜੈਲ ਸਿੰਘ ਅਤੇ ਸਵ. ਬੇਅੰਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਅਜਿਹੇ ਮੁੱਖ ਮੰਤਰੀ ਸਨ ਜੋ ਸੈਸ਼ਨ ਦੌਰਾਨ ਵਿਰੋਧੀ ਧਿਰ ਵਲੋਂ ਉਠਾਏ ਮੁੱਦਿਆਂ ’ਤੇ ਚਰਚਾ ਕਰ ਉਸਦਾ ਜਵਾਬ ਦਿੰਦੇ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਮੁੱਖ ਮੰਤਰੀ ਸੈਸ਼ਨ ਦੌਰਾਨ ਡਿਕਟੇਟਰਸ਼ਿਪ ਵਰਤ ਕੇ ਵਿਰੋਧੀਆਂ ਨੂੰ ਵਾਕ-ਆਊਟ ਕਰਨ ਲਈ ਮਜ਼ਬੂਰ ਕਰਦਾ ਹੈ ਤਾਂ ਜੋ ਲੋਕ ਮੁੱਦਿਆਂ ਬਾਰੇ ਕੋਈ ਗੱਲ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਲੋਕ ਸਭਾ ਵਿਚ ਐੱਮ.ਪੀ ਰਿਹਾ ਪਰ ਉਸਨੇ ਉਥੋਂ ਸੈਸ਼ਨ ਦੀ ਕੋਈ ਮਰਿਆਦਾ ਨਹੀਂ ਸਿੱਖੀ। 

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣਗੇ ਪਰ ਵਿਧਾਨ ਸਭਾ ’ਚ ਇਹ ਮੁੱਦਾ ਉਠਾਉਣ ਵਾਲੇ ਵਿਧਾਇਕ ਨੂੰ ਗਲਤ ਸ਼ਬਦਾਵਲੀ ਵਰਤੀ ਗਈ ਜਿਸ ਦਾ ਮਾਣਯੋਗ ਸਪੀਕਰ ਨੂੰ ਨੋਟਿਸ ਲੈ ਕੇ ਮੁੱਖ ਮੰਤਰੀ ਤੋਂ ਮੁਆਫ਼ੀ ਮੰਗਵਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਇਹ ਦਲਿਤ ਵਿਰੋਧੀ ਚਿਹਰਾ ਲੋਕਾਂ ਅੱਗੇ ਬੇਨਕਾਬ ਹੋ ਚੁੱਕਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਮਾਣੇਵਾਲ, ਜਸਦੇਵ ਸਿੰਘ ਟਾਂਡਾ, ਅਮਰਜੀਤ ਸਿੰਘ ਰਹੀਮਾਬਾਦ, ਗੁਰਮੀਤ ਸਿੰਘ ਉਧੋਵਾਲ, ਹੈਪੀ ਉਧੋਵਾਲ, ਜਸ਼ਨ ਉਧੋਵਾਲ ਵੀ ਮੌਜੂਦ ਸਨ।


author

Gurminder Singh

Content Editor

Related News