ਆਪਣੇ ਭਵਿੱਖ ਨੂੰ ਵੀ ਧੁੰਦਲਾ ਕਰ ਰਹੇ ਬੱਚੇ, ਮਾਪਿਆਂ ਨੂੰ ਸ਼ਿਕੰਜਾ ਕੱਸਣ ਦੀ ਲੋੜ
Saturday, Dec 14, 2024 - 01:12 PM (IST)

ਗੁਰਦਾਸਪੁਰ (ਵਿਨੋਦ)-ਜੇਕਰ ਵੇਖਿਆ ਜਾਵੇ ਤਾਂ ਮਾਂ-ਬਾਪ ਲੱਖਾਂ ਰੁਪਏ ਖਰਚ ਕਰਕੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਕੂਲਾਂ, ਕਾਲਜਾਂ ’ਚ ਪੜਨ ਲਈ ਭੇਜਦੇ ਹਨ ਤਾਂ ਕਿ ਬੱਚਿਆਂ ਦਾ ਚੰਗਾ ਭਵਿੱਖ ਬਣ ਸਕੇ ਅਤੇ ਅੱਗੇ ਜਾ ਕੇ ਇਕ ਚੰਗੀ ਨੌਕਰੀ ਪ੍ਰਾਪਤ ਕਰਕੇ ਉਨ੍ਹਾਂ ਦਾ ਸਹਾਰਾ ਬਣ ਸਕੇ, ਪਰ ਕੁਝ ਅਜਿਹੇ ਬੱਚੇ ਵੀ ਹਨ, ਜੋ ਆਪਣੇ ਮਾਪਿਆਂ ਦੀਆਂ ਉਮੀਦਾਂ ਨੂੰ ਖਤਮ ਕਰਨ ਵਾਲੇ ਤੁਰੇ ਹੋਏ ਹਨ। ਇਹ ਵਿਦਿਆਰਥੀ ਘਰੋਂ ਸਕੂਲ ਤਾਂ ਆਉਂਦੇ ਹਨ ਪਰ ਅੱਗੇ ਸਕੂਲਾਂ ’ਚ ਪਹੁੰਚਣ ਦੀ ਬਿਜਾਏ ਪਾਰਕਾਂ ’ਚ ਸਿਗਰੇਟਨੋਸ਼ੀ , ਨਸ਼ਾ , ਮੌਜ-ਮਸਤੀ ਕਰਕੇ ਆਪਣੇ ਘਰਾਂ ਨੂੰ ਚੱਲ ਜਾਂਦੇ ਹਨ। ਹਰ ਰੋਜ਼ ਗੁਰਦਾਸਪੁਰ ਦੇ ਸਭ ਤੋਂ ਮਹੱਤਵਪੂਰਨ ਪਾਰਕ ਫਿਸ਼ ਪਾਰਕ ’ਚ ਸਾਹਮਣੇ ਆਇਆ, ਜਿੱਥੇ ਸਕੂਲਾ , ਕਾਲਜਾਂ ਤੋਂ ਦੌੜ ਕੇ ਕੁਝ ਵਿਦਿਆਰਥੀ ਸਿਗਰੇਟਨੋਸ਼ੀ ਕਰਦੇ ਨਜ਼ਰ ਆ ਰਹੇ ਹਨ। ਇਹ ਵਿਦਿਆਰਥੀ ਜਿੱਥੇ ਆਪਣੇ ਭਵਿੱਖ ਨੂੰ ਬਰਬਾਦ ਕਰ ਰਹੇ ਹਨ, ਉੱਥੇ ਆਪਣੇ ਮਾਪਿਆਂ ਦੀਆਂ ਅੱਖਾਂ ’ਚ ਵੀ ਮਿੱਟੀ ਪਾ ਰਹੇ ਹਨ।
ਸ਼ਹਿਰ ਦੇ ਪਾਰਕ ਬਣੇ ਵਿਦਿਆਰਥੀਆਂ ਲਈ ਨਸ਼ੇ ਦਾ ਅੱਡਾ
ਅੱਜ ਗੁਰਦਾਸਪੁਰ ਦੇ ਸਭ ਤੋਂ ਮਹੱਤਵਪੂਰਨ ਪਾਰਕ ਫਿਸ ਪਾਰਕ ਦਾ ਜਦ ਦੌਰਾ ਕੀਤਾ ਗਿਆ ਤਾਂ ਕੁਝ ਸਕੂਲਾਂ ,ਕਾਲਜਾਂ ਦੇ ਵਿਦਿਆਰਥੀ ਪਾਰਕਾਂ ’ਚ ਬੈਠ ਕੇ ਸਿਗਰੇਟਨੋਸ਼ੀ ਕਰਦੇ ਨਜ਼ਰ ਆਏ। ਇਸ ਦੇ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਬੈਠੇ ਨਜ਼ਰ ਆਏ। ਜਿਸ ਤਰ੍ਹਾਂ ਨਾਲ ਵਿਦਿਆਰਥੀ ਸਕੂਲੀ ਵਰਦੀਆਂ ਪਾ ਕੇ ਪਾਰਕਾਂ ’ਚ ਬੈਠੇ ਨਜ਼ਰ ਆਏ, ਉਸ ਤੋਂ ਇੰਝ ਲੱਗ ਰਿਹਾ ਸੀ ਕਿ ਇਹ ਵਿਦਿਆਰਥੀ ਸਕੂਲਾਂ ਤੋਂ ਦੌੜ ਕੇ ਆਏ ਹੋਏ ਹਨ। ਇਸ ਦੇ ਇਲਾਵਾ ਕੁਝ ਸਕੂਲਾਂ ਦੀਆਂ ਲੜਕੀਆਂ ਵੀ ਇਸ ਪਾਰਕ ’ਚ ਬੈਠੀਆਂ ਨਜ਼ਰ ਆਈਆਂ।
ਮਾਪਿਆਂ ਦੀਆਂ ਉਮੀਦਾਂ ’ਤੇ ਮਿੱਟੀ ਪਾ ਰਹੇ ਹਨ ਵਿਦਿਆਰਥੀ
ਲੱਖਾਂ ਰੁਪਏ ਖਰਚ ਕਰਕੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਚੰਗੇ ਸਕੂਲਾਂ ’ਚ ਪੜਾਈ ਕਰਨ ਦੇ ਲਈ ਭੇਜਦੇ ਹਨ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਅੱਗੇ ਜਾ ਕੇ ਚੰਗਾ ਬਣ ਸਕੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਕ ਚੰਗੀ ਨੌਕਰੀ ਮਿਲ ਸਕੇ, ਪਰ ਕੁਝ ਵਿਦਿਆਰਥੀ ਆਪਣੇ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਵਿਚ ਰੌਲ ਕੇ ਆਪਣੇ ਭਵਿੱਖ ਨੂੰ ਵੀ ਧੁੰਦਲਾ ਕਰ ਰਹੇ ਹਨ। ਬੈਂਕਾਂ ਤੋਂ ਕਰਜ਼ਾ ਲੈ ਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਮੁਹੱਈਆਂ ਕਰਵਾਉਣ ਦਾ ਯਤਨ ਕਰ ਰਹੇ ਹਨ, ਪਰ ਵਿਦਿਆਰਥੀ ਇਸ ਨੂੰ ਸਮਝਣ ਦੀ ਬਿਜਾਏ ਸਭ ਕੁਝ ਖਤਮ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 19 ਜ਼ਿਲ੍ਹਿਆਂ ਲਈ ਅਲਰਟ, ਠੰਡ ਤੋੜ ਸਕਦੀ ਹੈ ਰਿਕਾਰਡ
ਸਿਗਰੇਟਨੋਸ਼ੀ ਕਰਨਾ ਨੌਜਵਾਨਾਂ ਦਾ ਬਣਿਆ ਸ਼ੌਕ
ਜੇਕਰ ਵੇਖਿਆ ਜਾਵੇ ਤਾਂ ਕੁਝ ਵਿਦਿਆਰਥੀ ਇਕ ਦੂਜੇ ਨੂੰ ਵੇਖ ਕੇ ਹੀ ਸਿਗਰੇਟਨੋਸ਼ੀ ਦਾ ਸ਼ਿਕਾਰ ਹੋ ਰਹੇ ਹਨ। ਪਾਰਕਾਂ ’ਚ ਬੈਠੇ ਸਕੂਲਾਂ ਤੋਂ ਦੌੜ ਕੇ ਆਏ ਕਈ ਵਿਦਿਆਰਥੀ ਸਿਗਰੇਟਨੋਸ਼ੀ ਕਰਦੇ ਨਜ਼ਰ ਆਉਂਦੇ ਹਨ। ਜਦਕਿ ਕਈ ਵਿਦਿਆਰਥੀਆਂ ਨੇ ਇਸ ਨੂੰ ਆਪਣਾ ਸ਼ੌਕ ਬਣਾ ਲਿਆ ਹੈ। ਜਦਕਿ ਹੁਣ ਤਾਂ ਲੜਕਿਆਂ ਦੇ ਨਾਲ ਨਾਲ ਲੜਕੀਆਂ ਵੱਲੋਂ ਇਹ ਸਿਗਰੇਟਨੋਸ਼ੀ ਦੀ ਆਦਤ ਪਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਭਾਵੇ ਸਿਗਰੇਟ ਪੀਣਾ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਦਰਸਾਉਂਦਾ ਹੈ , ਪਰ ਵਿਦਿਆਰਥੀਆਂ ਦੀ ਸਿਹਤ ’ਤੇ ਇਸ ਦਾ ਕੋਈ ਵੀ ਅਸਰ ਨਹੀਂ ਹੈ।
ਸਕੂਲਾਂ ’ਚ ਪੁਲਸ ਵੱਲੋਂ ਲਗਾਏ ਜਾ ਰਹੇ ਸੈਮੀਨਾਰ ਦਾ ਕੋਈ ਅਸਰ ਨਹੀਂ
ਨਸ਼ਿਆਂ ਨੂੰ ਲੈ ਕੇ ਜ਼ਿਲਾ ਪੁਲਸ ਗੁਰਦਾਸਪੁਰ ਅਤੇ ਟੈ੍ਫਿਕ ਪੁਲਸ ਵੱਲੋਂ ਸਕੂਲਾਂ ’ਚ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਸਾਡੇ ਜੀਵਨ ਨੂੰ ਬਰਬਾਦ ਕਰ ਸਕਦਾ ਹੈ, ਇਸ ਲਈ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ, ਪਰ ਉਸ ਦੇ ਬਾਵਜੂਦ ਵਿਦਿਆਰਥੀਆਂ ’ਚ ਨਸ਼ੇ ਦੀ ਅਾਦਤ ਵੱਧਣਾ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਵੱਲ ਜ਼ਿਲਾ ਪ੍ਰਸ਼ਾਸ਼ਨ, ਬੱਚਿਆਂ ਦੇ ਮਾਪਿਆਂ, ਸਕੂਲਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਘਰੋਂ ਤਾਂ ਆਉਂਦੇ, ਪਰ ਸਕੂਲ ਨਹੀਂ ਪਹੁੰਚਦੇ
ਪ੍ਰਾਈਵੇਟ ਸਕੂਲਾਂ ’ਚ ਸਕੂਲ ਨਾ ਪਹੁੰਚਣ ਵਾਲੇ ਵਿਦਿਆਰਥੀਆਂ ਸਬੰਧੀ ਸਕੂਲ ਮੁਖੀ ਬੱਚਿਆਂ ਦੇ ਮਾਪਿਆਂ ਨੂੰ ਫੋਨ ’ਤੇ ਆਪਣੇ ਬੱਚਿਆਂ ਦੇ ਸਕੂਲ ਨਾ ਪਹੁੰਚਣ ਦੀ ਵਜਾਂ ਤਾਂ ਪੁੱਛ ਲੈਂਦੇ ਹਨ, ਪਰ ਸਰਕਾਰੀ ਸਕੂਲਾਂ ’ਚ ਅਜਿਹਾ ਨਹੀਂ ਹੈ, ਜਿਸ ਕਾਰਨ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਘਰੋਂ ਤਾਂ ਸਕੂਲ ਆ ਜਾਂਦੇ ਹਨ, ਪਰ ਜ਼ਿਆਦਾਤਰ ਸਮਾਂ ਪਾਰਕਾਂ ’ਚ ਬੈਠ ਕੇ ਹੀ ਬਤੀਤ ਕਰ ਰਹੇ ਹਨ। ਜੋ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣਾ ਭਵਿੱਖ ਵੀ ਖਤਮ ਕਰ ਰਹੇ ਹਨ।
ਜਨਤਕ ਸਥਾਨਾਂ ’ਤੇ ਸਿਗਰੇਟ ਪੀਣਾ ਮਨ੍ਹਾ ਹੈ
ਜਨਤਕ ਸਥਾਨਾਂ ’ਤੇ ਸਿਗਰੇਟਨੋਸ਼ੀ ਕਰਨ ’ਤੇ ਭਾਵੇਂ ਪਾਬੰਦੀ ਲਗਾਈ ਹੈ ਪਰ ਉਸ ਦੇ ਬਾਵਜੂਦ ਸਿਗਰੇਟਨੋਸ਼ੀ ਕਰਨਾ ਵਿਦਿਆਰਥੀਆਂ ਸਮੇਤ ਆਮ ਲੋਕਾਂ ਦਾ ਸੌਕ ਬਣ ਗਿਆ ਹੈ। ਇਸ ਸਬੰਧੀ ਭਾਵੇ ਕਈ ਵਿਭਾਗਾਂ ਦੇ ਕੋਲ ਚਾਲਾਨ ਕੱਟਣ ਦੀ ਪਾਵਰ ਹੈ, ਪਰ ਸਿਹਤ ਵਿਭਾਗ ਦੇ ਇਲਾਵਾ ਕੋਈ ਵੀ ਵਿਭਾਗ ਇਸ ਲਈ ਦਿਲਚਸਪੀ ਨਹੀਂ ਲੈਂਦਾ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਵਿਦਿਆਰਥੀਆਂ ’ਤੇ ਸਕੂਲ ਪ੍ਰਬੰਧਕਾਂ, ਮਾਪਿਆਂ ਨੂੰ ਸ਼ਿਕੰਜਾ ਕੱਸਣ ਦੀ ਲੋੜ
ਜਿਸ ਤਰ੍ਹਾਂ ਨਾਲ ਸਕੂਲਾਂ ਤੋਂ ਗੈਰ-ਹਾਜ਼ਰ ਰਹਿ ਕੇ ਅਤੇ ਦੌੜ ਕੇ ਵਿਦਿਆਰਥੀ ਪਾਰਕਾਂ ’ਚ ਬੈਠ ਕੇ ਸ਼ਿਗਰੇਟਨੋਸ਼ੀ ਕਰਦੇ ਹਨ ਜਾਂ ਮੌਜ-ਮਸਤੀ ਕਰਦੇ ਨਜ਼ਰ ਆਉਂਦੇ ਹਨ, ਇਨ੍ਹਾਂ ਵਿਦਿਆਰਥੀਆਂ ’ਤੇ ਸਕੂਲ ਪ੍ਰਬੰਧਕਾਂ, ਬੱਚਿਆਂ ਦੇ ਮਾਪਿਆਂ ਨੂੰ ਹੁਣ ਤੋਂ ਸ਼ਿਕੰਜ਼ਾ ਕੱਸਣ ਦੀ ਲੋੜ ਹੈ ਤਾਂ ਕਿ ਵਿਦਿਆਰਥੀਆਂ ਨੂੰ ਇਕ ਸਹੀਂ ਦਿਸ਼ਾ ਮਿਲ ਸਕੇ ਅਤੇ ਉਨ੍ਹਾਂ ਦਾ ਭਵਿੱਖ ਚੰਗਾ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8