ਸੀ. ਆਈ. ਡੀ. ਬਣ ਕੇ ਆਈ ਟੀਮ ਨਕਦੀ ਤੇ ਗਹਿਣੇ ਲੈ ਕੇ ਫਰਾਰ

12/12/2018 4:13:45 AM

ਮਲੋਟ, (ਜੁਨੇਜਾ)- ਮਲੋਟ ਵਿਖੇ ਇਕ ਨੌਜਵਾਨ ਵੱਲੋਂ ਕੀਤੀ ਗਈ ਸ਼ਿਕਾਇਤ ਨੇ ਪੁਲਸ ਨੂੰ ਹੈਰਾਨੀ ਵਿਚ ਪਾ ਦਿੱਤਾ, ਜਿਸ ਅਨੁਸਾਰ ਉਸ ਦੇ ਘਰ 8 ਵਿਅਕਤੀ ਸਰਚ ਵਾਰੰਟ ਲੈ ਕੇ ਚੈਕਿੰਗ ਦੇ ਨਾਂ ’ਤੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣਿਅਾਂ ਤੋਂ ਇਲਾਵਾ ਹੋਰ ਕਾਗਜ਼ਾਤ ਲੈ ਗਏ। ਥਾਣਾ ਸਿਟੀ ਮਲੋਟ ਅਧੀਨ ਆਉਂਦੇ ਬੁਰਜਾਂ ਫਾਟਕ ਨੇਡ਼ੇ ਸ੍ਰੀਚੰਦ ਮੁਹੱਲੇ ਦੇ ਵਸਨੀਕ ਜਸ਼ਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਹ ਆਪਣੀ ਮਾਤਾ ਸੁਦੇਸ਼ ਕੁਮਾਰੀ ਨਾਲ ਘਰ ਵਿਚ ਰਹਿੰਦਾ ਹੈ ਅਤੇ ਉਸ ਦੀ ਮਾਤਾ ਕਰੀਬ 8-10 ਦਿਨਾਂ ਤੋਂ ਸ੍ਰੀ ਹਜ਼ੂਰ ਸਾਹਿਬ ਗਈ ਹੋਈ ਹੈ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਕੰਮ ਕਰ ਕੇ ਘਰ ਆਇਆ ਤਾਂ ਉਸ ਦੇ ਪਿੱਛੇ 8 ਵਿਅਕਤੀ ਅੰਦਰ ਦਾਖਲ ਹੋ ਗਏ, ਜਿਨ੍ਹਾਂ ਨੇ ਸਫਾਰੀ ਸੂਟ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਗਲਾਂ ਵਿਚ ਆਈ ਕਾਰਡ ਲਟਕ ਰਹੇ ਸਨ। ਜਸ਼ਨ ਅਨੁਸਾਰ ਉਨ੍ਹਾਂ ਸਾਰਿਅਾਂ ਨੇ ਉਸ ਨੂੰ ਕਿਹਾ ਕਿ ਉਹ ਦਿੱਲੀ ਤੋਂ ਸੀ. ਆਈ. ਡੀ. ਦੀ ਟੀਮ ਹੈ ਅਤੇ ਉਨ੍ਹਾਂ ਦੇ ਘਰ ਦੀ ਚੈਕਿੰਗ ਕਰਨੀ ਹੈ। ਇਸ ਦੌਰਾਨ ਇਕ ਵਿਅਕਤੀ ਨੇ ਉਸ ਨੂੰ ਥੱਪਡ਼ ਮਾਰ ਕੇ ਸੋਫ਼ੇ ’ਤੇ ਬਿਠਾ ਲਿਆ ਅਤੇ ਬਾਕੀ ਵਿਅਕਤੀ ਉਸ ਦੇ ਸਾਹਮਣੇ ਘਰ ਦੇ ਦੋਵਾਂ ਕਮਰਿਆਂ ਵਿਚ ਚੈਕਿੰਗ ਕਰਨ ਲੱਗ ਪਏ। ਉਨ੍ਹਾਂ ’ਚੋਂ ਇਕ ਨੇ ਅਲਮਾਰੀ ਵਿਚ ਪਏ 6 ਲੱਖ 20 ਹਜ਼ਾਰ ਰੁਪਏ ਅਤੇ ਕਰੀਬ 12 ਤੋਲੇ ਸੋਨਾ ਚੁੱਕ ਲਿਆ, ਜਦਕਿ ਦੂਜੇ ਕਮਰੇ ’ਚੋਂ ਕੁਝ ਫਾਈਲਾਂ ਲੱਭੀਆਂ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਚੱਲ ਪਏ। ਜਸ਼ਨਦੀਪ ਅਨੁਸਾਰ ਉਹ 8 ਵਿਅਕਤੀ ਖੁਦ ਅਤੇ ਉਨ੍ਹਾਂ ਨੇ ਮੈਨੂੰ ਇਕ ਘਰ ਦੇ ਨੇਡ਼ੇ ਖਡ਼੍ਹੀ ਆਈ ਟਵੰਟੀ ਕਾਰ ਵਿਚ ਬਿਠਾ ਲਿਆ ਅਤੇ ਉੱਥੋਂ ਚੱਲ ਪਏ ਤੇ ਥੋਡ਼੍ਹੀ ਦੂਰ ਜਾ ਕੇ ਉਸ ਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਜਾਣਕਾਰ ਨੂੰ ਫੋਨ ’ਤੇ ਸਾਰੀ ਗੱਲ ਦੱਸੀ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਐੱਸ. ਐੱਚ. ਓ. ਸਿਟੀ ਮਲੋਟ ਇੰਸਪੈਕਟਰ ਤਜਿੰਦਰ ਸਿੰਘ ਅਤੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਮੌਕੇ ’ਤੇ ਪੁੱਜੇ। ਅੱਜ ਸਵੇਰੇ ਐੱਸ. ਪੀ. ਮਲੋਟ ਇਕਬਾਲ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਘਰ ਦੀ ਮਾਲਕ ਅੌਰਤ ਇਕ ਫਾਈਨਾਂਸ ਦਫਤਰ ਵਿਚ ਅਕਾਊਂਟੈਂਟ ਦਾ ਕੰਮ ਕਰਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਨੂੰ ਇਹ ਲੁੱਟ ਜਾਂ ਚੋਰੀ ਦੀ ਘਟਨਾ ਇਸ ਲਈ ਨਹੀਂ ਪਚ ਰਹੀ ਕਿ ਇਕ ਤਾਂ ਆਈ ਟਵੰਟੀ ਕਾਰ ਵਿਚ 9 ਵਿਅਕਤੀ ਬੈਠ ਨਹੀਂ ਸਕਦੇ ਅਤੇ ਦੂਜਾ ਕੋਈ ਅੌਰਤ ਘਰ ਵਿਚ ਲੱਖਾਂ ਰੁਪਏ ਦੀ ਨਕਦੀ ਰੱਖ ਕੇ ਆਪਣੇ 17 ਸਾਲਾਂ ਦੇ ਲਡ਼ਕੇ ਨੂੰ ਇਕੱਲਾ ਘਰ ਕਿਵੇਂ ਛੱਡ ਕੇ 10 ਦਿਨਾਂ ਲਈ ਬਾਹਰ ਜਾ ਸਕਦੀ ਹੈ। ਉੱਧਰ, ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਨੂੰ ਸਾਰੇ ਪਹਿਲੂਆਂ ਤੋਂ ਪਰਖ ਰਹੀ ਹੈ ਅਤੇ ਜਲਦੀ ਨਤੀਜਾ ਸਾਹਮਣੇ ਲਿਆਂਦਾ ਜਾਵੇਗਾ। 


KamalJeet Singh

Content Editor

Related News