ਵਿਦੇਸ਼ ’ਚ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 8 ਮੈਂਬਰਾਂ ਵਿਰੁੱਧ ਮੁਕੱਦਮਾ ਦਰਜ

Wednesday, May 17, 2023 - 01:49 AM (IST)

ਮਲੋਟ (ਜੁਨੇਜਾ) : ਥਾਣਾ ਸਦਰ ਮਲੋਟ ਦੀ ਪੁਲਸ ਨੇ ਐੱਨ. ਆਰ. ਆਈ. ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਨਾਲ ਸਾਢੇ 7 ਲੱਖ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 3 ਔਰਤਾਂ ਸਮੇਤ 8 ਵਿਅਕਤੀਆਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ’ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਲੜਕੀ ਨੂੰ ਐੱਨ. ਆਰ. ਆਈ. ਦੱਸ ਕੇ ਰਿਸ਼ਤਾ ਕਰਨ ਦਾ ਨਾਟਕ ਕੀਤਾ ਗਿਆ ਸੀ, ਉਸ ਦੀ 10 ਸਾਲ ਪਹਿਲਾਂ ਸ਼ਾਦੀ ਹੋ ਚੁੱਕੀ ਹੈ ਅਤੇ ਉਸ ਦੇ 2 ਬੱਚੇ ਹਨ। ਮਾਮਲੇ ਦੀ ਅਗਲੀ ਪੜਤਾਲ ਸਦਰ ਮਲੋਟ ਦੇ ਐੱਸ. ਆਈ. ਲਖਵਿੰਦਰ ਸਿੰਘ ਕਰ ਰਹੇ ਹਨ।

ਇਹ ਵੀ ਪੜ੍ਹੋ : ਗੱਡੀ 'ਤੇ ਪੀਲੀ ਬੱਤੀ ਲਾ ਕੇ ਘੁੰਮਦੇ ਸੀ ਪਿਓ-ਪੁੱਤ, ਪੁਲਸ ਨੇ ਇੰਝ ਕੀਤੇ ਕਾਬੂ (ਵੀਡੀਓ)

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਔਲਖ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਨੇ ਆਪਣੇ ਲੜਕੇ ਕੁਲਵਿੰਦਰ ਸਿੰਘ ਦਾ ਰਿਸ਼ਤਾ ਕਰਵਾਉਣ ਲਈ ਵਿਚੋਲੇ ਸੁਭਾਸ਼ ਵਾਸੀ ਪਿੰਡ ਚੱਕ ਵਣਵਾਲਾ ਅਤੇ ਧਰਮਪਾਲ ਸਿੰਘ ਵਾਸੀ ਗੋਨਿਆਣਾ ਰਾਹੀਂ ਸਤਵਿੰਦਰ ਸਿੰਘ ਵਾਸੀ ਕਪੂਰਥਲਾ ਵਗੈਰਾ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੈਨੇਡਾ ਦੀ ਪੀ. ਆਰ. ਲੜਕੀ ਰਿੱਕੀ ਉਰਫ ਮਨਪ੍ਰੀਤ ਕੌਰ ਨਾਲ ਰਿਸ਼ਤਾ ਕਰਵਾ ਦਿੰਦੇ ਹਾਂ, ਜਿਸ ਲਈ ਸਾਢੇ 7 ਲੱਖ ਦੀ ਡਿਮਾਂਡ ਰੱਖ ਦਿੱਤੀ। ਇਸ ਮਾਮਲੇ ਵਿਚ ਰੀਤੂ ਭਾਟੀਆ, ਸਤਵਿੰਦਰ ਸਿੰਘ, ਨਿਧੀ ਆਦਿ ਨੇ ਰਲ ਕੇ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਝਾਂਸੇ ’ਚ ਲੈ ਲਿਆ। ਸਤਵਿੰਦਰ ਸਿੰਘ ਨੇ 7 ਲੱਖ 50 ਹਜ਼ਾਰ ਰੁਪਏ ਹਾਸਲ ਕਰ ਲਏ।

ਇਹ ਵੀ ਪੜ੍ਹੋ : ਅਜਬ-ਗਜ਼ਬ : ਸਿਰਫ਼ 30 ਮਿੰਟ ’ਚ ਹੋਵੇਗੀ ਤਬਾਹੀ, ਧਰਤੀ ’ਤੇ ਉੱਠਣਗੀਆਂ ਅੱਗ ਦੀਆਂ ਲਪਟਾਂ, ਨਾਸਾ ਦੀ ਚਿਤਾਵਨੀ

ਸਤਵਿੰਦਰ ਸਿੰਘ, ਜੋ ਲੜਕੀ ਦਾ ਭਰਾ ਬਣਿਆ ਸੀ, ਤੋਂ ਇਲਾਵਾ ਰੀਤੂ ਭਾਟੀਆ, ਨਿਧੀ ਹੋਰਾਂ ਨੇ ਰਲ ਕੇ ਇਕ ਪੈਲੇਸ ਵਿਚ ਕੁਲਵਿੰਦਰ ਸਿੰਘ ਨਾਲ ਰਿੰਕੀ ਉਰਫ ਮਨਪ੍ਰੀਤ ਕੌਰ ਦੀ ਮੰਗਣੀ ਕਰਵਾ ਦਿੱਤੀ। ਇਸ ਤੋਂ ਬਾਅਦ ਰਿੱਕੀ ਉਰਫ ਮਨਪ੍ਰੀਤ ਕੌਰ ਨੇ ਗੁਰਨਾਮ ਸਿੰਘ ਦਾ ਪ੍ਰਭਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਅਰਬਨ ਸਟੇਟ, ਫਗਵਾੜਾ ਅਤੇ ਪਰਮਿੰਦਰ ਸਿੰਘ ਉਰਫ ਪੰਮੀ ਵਾਸੀ ਬੋਪਾਰਾਏ ਨਾਲ ਸੰਪਰਕ ਕਰਵਾ ਦਿੱਤਾ, ਜਿਨ੍ਹਾਂ ਨੇ ਗੁਰਨਾਮ ਸਿੰਘ ਪਾਸੋਂ ਪੈਸੇ ਲਏ ਅਤੇ ਰਿਸ਼ਤਾ ਕਰਵਾਉਣ ਬਦਲੇ ਵਿਚੋਲੇ ਸੁਭਾਸ਼ ਅਤੇ ਧਰਮਪਾਲ ਨੇ ਵੀ 1 ਲੱਖ 80 ਹਜ਼ਾਰ ਰੁਪਏ ਲਏ ਸਨ। ਉਕਤ ਵਿਅਕਤੀਆਂ ਨੇ ਕੁਲਵਿੰਦਰ ਸਿੰਘ ਦੇ ਮਨਪ੍ਰੀਤ ਨਾਲ ਵਿਆਹ ਦੀ ਤਰੀਕ 5 ਮਾਰਚ 2022 ਫਿਕਸ ਕਰ ਦਿੱਤੀ ਪਰ ਵਿਆਹ ਤੋਂ ਦੋ-ਤਿੰਨ ਪਹਿਲਾਂ ਸਾਰਿਆਂ ਨੇ ਫੋਨ ਬੰਦ ਕਰ ਲਏ। ਲੜਕੀ ਦੇ ਪਰਿਵਾਰ ਦਾ ਜਿਹੜਾ ਪਤਾ ਦਿੱਤਾ ਸੀ, ਉਸ ਮਕਾਨ ’ਚ ਵੀ ਕੋਈ ਹੋਰ ਵਿਅਕਤੀ ਰਹਿੰਦਾ ਸੀ।

ਇਹ ਵੀ ਪੜ੍ਹੋ : ਯੁੱਧ ਦੇ ਬਦਲ ਰਹੇ ਹਾਲਾਤ, ਰੂਸ ਦੇ ਸੈਨਿਕਾਂ 'ਤੇ ਹਾਵੀ ਹੋ ਰਹੀ ਯੂਕ੍ਰੇਨ ਦੀ ਫ਼ੌਜ

ਗੁਰਨਾਮ ਸਿੰਘ ਦੇ ਪਰਿਵਾਰ ਨਾਲ ਠੱਗੀ ਵੱਜਣ ਕਰਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਵੱਜੀ ਅਤੇ ਪਰਿਵਾਰ ਟੈਂਸ਼ਨ ਵਿਚ ਰਹਿਣ ਲੱਗਾ, ਜਿਸ ’ਤੇ ਕੁਲਵਿੰਦਰ ਸਿੰਘ ਦੀ ਮਿਤੀ 08-05-2022 ਨੂੰ ਮੌਤ ਹੋ ਗਈ। ਪੁਲਸ ਵੱਲੋਂ ਕੀਤੀ ਪੜਤਾਲ ’ਤੇ ਸਾਹਮਣੇ ਆਇਆ ਕਿ ਗੁਰਨਾਮ ਸਿੰਘ ਨਾਲ ਉਸ ਦੇ ਲੜਕੇ ਕੁਲਵਿੰਦਰ ਸਿੰਘ ਦਾ ਮਨਪ੍ਰੀਤ ਕੌਰ ਨੂੰ ਕੈਨੇਡਾ ਦੀ ਪੀ. ਆਰ. ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਿੱਧੇ ਤੌਰ ’ਤੇ ਠੱਗੀ ਮਾਰੀ ਹੈ, ਜਦੋਂਕਿ ਰਿੱਕੀ ਉਰਫ ਮਨਪ੍ਰੀਤ ਕੌਰ ਦਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਨੇ ਕੁਲਵਿੰਦਰ ਸਿੰਘ ਨਾਲ ਮੰਗਣੀ ਦਾ ਨਾਟਕ ਕੀਤਾ ਸੀ, ਜਿਸ ’ਤੇ ਪੁਲਸ ਨੇ ਰੀਤੂ ਭਾਟੀਆ ਪਤਨੀ ਸੁਨੀਲ ਕੁਮਾਰ, ਸਤਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪੱਕਾ ਦਰਵਾਜ਼ਾ ਗੁਰਾਇਆ ਜ਼ਿਲ੍ਹਾ ਜਲੰਧਰ, ਰਿੱਕੀ ਉਰਫ ਮਨਪ੍ਰੀਤ ਕੌਰ ਉਰਫ ਤਨਵੀਰ ਕੌਰ ਪਤਨੀ ਰਾਜਨ ਕੁਮਾਰ ਵਾਸੀ ਮਹਿਲ ਗਹਿਲਾ (ਨਵਾਂ ਸ਼ਹਿਰ), ਨਿਧੀ ਪਤਨੀ ਅਵਿਨਾਸ਼ ਕੁਮਾਰ ਵਾਸੀ ਗੁਰਾਇਆ, ਪ੍ਰਭਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਅਰਬਨ ਸਟੇਟ, ਫਗਵਾੜਾ, ਪਰਮਿੰਦਰ ਸਿੰਘ ਉਰਫ ਪੰਮੀ ਵਾਸੀ ਬੋਪਾਰਾਏ, ਸੁਭਾਸ਼ ਪੁੱਤ ਬਾਜ਼ ਸਿੰਘ ਵਾਸੀ ਪਿੰਡ ਚੱਕ ਵਣਵਾਲਾ ਜ਼ਿਲਾ ਫਾਜ਼ਿਲਕਾ ਅਤੇ ਧਰਮਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੋਨਿਆਣਾ ਜ਼ਿਲਾ ਬਠਿੰਡਾ ਵਿਰੁੱਧ ਸਾਜ਼ਿਸ਼ ਕਰਕੇ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਨਿਊ ਮੈਕਸੀਕੋ ’ਚ ਗੋਲ਼ੀਬਾਰੀ ’ਚ 3 ਲੋਕਾਂ ਦੀ ਮੌਤ, 6 ਹੋਰ ਜ਼ਖ਼ਮੀ

ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਇਸ ਗਿਰੋਹ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦਾ ਕੰਮ ਕੀਤਾ ਜਾਂਦਾ ਹੈ, ਜਿਸ ਮਨਪ੍ਰੀਤ ਕੌਰ ਨੂੰ ਐੱਨ. ਆਰ. ਆਈ. ਦੱਸ ਕੇ ਮੰਗਣੀ ਕੀਤੀ ਸੀ, ਉਸ ਦਾ 10 ਸਾਲ ਪਹਿਲਾਂ 12-10-2013 ਨੂੰ ਰਾਜਨ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਮਹਿਲ ਗਹਿਲਾ ਨਾਲ ਵਿਆਹ ਹੋਇਆ ਹੈ ਅਤੇ ਉਸ ਦੇ 2 ਬੱਚੇ ਹਨ, ਜਿਸ ਵਿਚ 9 ਸਾਲ ਦੀ ਲੜਕੀ ਅਤੇ 4 ਸਾਲ ਦਾ ਲੜਕਾ ਹੈ। ਉਧਰ ਸਤਵਿੰਦਰ ਸਿੰਘ ਪਰਮਜੀਤ ਅਤੇ ਨਿਧੀ ਖਿਲਾਫ ਪਹਿਲਾਂ ਵੀ ਧੋਖਾਦੇਹੀ ਦਾ ਇਕ ਮਾਮਲਾ ਥਾਣਾ ਦਰੇਸੀ ਵਿਚ ਦਰਜ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News