ਚੰਡੀਗੜ੍ਹ ਯੂਨੀਵਰਸਿਟੀ ਨੇ ਪੁੱਟੀ ਵੱਡੀ ਪੁਲਾਂਘ, ਇੰਜੀਨੀਅਰਿੰਗ ਖੇਤਰ ''ਚ ਹਾਸਲ ਕੀਤਾ 84ਵਾਂ ਰੈਂਕ

06/18/2020 2:54:56 PM

ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇੰਜੀਨੀਅਰਿੰਗ ਦੇ ਖੇਤਰ ਵੱਡੀ ਪੁਲਾਂਘ ਪੁੱਟੀ ਹੈ। ਯੂਨੀਰਵਸਿਟੀ ਨੇ ਪਿਛਲੇ ਸਾਲ ਦੇ ਮੁਕਾਬਲੇ 117ਵੇਂ ਰੈਂਕ ਤੋਂ 84ਵਾਂ ਰੈਂਕ ਅਤੇ ਮੈਨੇਜਮੈਂਟ ਖੇਤਰ 'ਚ ਸਾਲ 2019 ਦੇ ਮੁਕਾਬਲੇ 64ਵੇਂ ਰੈਂਕ ਤੋਂ 51ਵਾਂ ਸਥਾਨ ਹਾਸਲ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ. ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।

ਡਾ. ਬਾਵਾ ਨੇ ਦੱਸਿਆ ਕਿ ਸਾਲ 2020 ਦੀ ਐਨ. ਆਈ. ਆਰ. ਐਫ਼ ਰੈਕਿੰਗ ਲਈ ਸ਼ਾਨਦਾਰ ਪ੍ਰਦਰਸ਼ਨ ਵਿਖਾਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਜਿੱਥੇ ਦੇਸ਼ ਦੀਆਂ 100 ਵਿੱਦਿਅਕ ਸੰਸਥਾਵਾਂ ਦੀ ਸੂਚੀ 'ਚ ਸ਼ਾਮਲ ਹੋਈ ਹੈ, ਉੱਥੇ ਹੀ ਉੱਤਰ ਭਾਰਤ 'ਚ ਸਿਖਰਲੀਆਂ ਯੂਨੀਵਰਸਿਟੀਆਂ 'ਚ ਸ਼ਾਮਲ ਹੋ ਗਈ ਹੈ। ਡਾ. ਬਾਵਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਆਧੁਨਿਕ ਅਕਾਦਮਿਕ ਮਾਡਲ, ਟੀਚਿੰਗ, ਲਰਨਿੰਗ, ਖੋਜ ਕਾਰਜ, ਵਿੱਦਿਅਕ ਪ੍ਰਬੰਧ, ਉਦਯੋਗਿਕ ਅਤੇ ਅੰਤਰਰਾਸ਼ਟਰੀ ਗਠਜੋੜ, ਵਿਦਿਆਰਥੀ ਪਲੇਸਮੈਂਟਾਂ ਅਤੇ ਗ੍ਰੈਜੂਏਸ਼ਨ ਨਤੀਜਿਆਂ ਦੇ ਵਿਆਪਕ ਮੁਲਾਂਕਣ ਦੇ ਆਧਾਰ 'ਤੇ ਇਹ ਰੈਂਕਿੰਗ ਜਾਰੀ ਕੀਤੀ ਗਈ ਹੈ।

ਡਾ. ਬਾਵਾ ਨੇ ਦੱਸਿਆ ਕਿ ਸਾਲ 2020 ਲਈ ਐਨ. ਆਈ. ਆਰ. ਐਫ਼ ਰੈਕਿੰਗ ਮਾਣਯੋਗ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ਾਂਕ ਵੱਲੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇਸ਼ ਦੀਆਂ ਕੁੱਲ 3771 ਵਿੱਦਿਅਕ ਸੰਸਥਾਵਾਂ ਨੇ ਐਨ. ਆਈ. ਆਰ. ਐਫ਼ ਰੈਂਕਿੰਗ ਲਈ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਵਿਭਿੰਨਤਾ ਵੀ 'ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ, ਜਿਸ ਤਹਿਤ 30 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਦੇਸ਼ ਦੇ 29 ਸੂਬਿਆਂ ਦੇ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੇ ਹਨ, ਜਿਸ ਸਦਕਾ ਚੰਡੀਗੜ੍ਹ ਯੂਨੀਵਰਸਿਟੀ ਇੰਜੀਨੀਅਰਿੰਗ ਦੇ ਖੇਤਰ 'ਚ ਉਤਰ ਭਾਰਤ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ ਤੀਜੇ ਸਥਾਨ ਅਤੇ ਪੰਜਾਬ 'ਚ ਦੂਜੇ ਸਥਾਨ 'ਤੇ ਕਾਬਜ਼ ਹੋ ਗਈ ਹੈ, ਜਦੋਂ ਕਿ ਦੇਸ਼ ਭਰ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ 17ਵਾਂ ਰੈਂਕ ਪ੍ਰਾਪਤ ਕਰਨ 'ਚ ਕਾਮਯਾਬ ਰਹੀ ਹੈ।

ਇਸੇ ਤਰ੍ਹਾਂ ਮੈਨੇਜਮੈਂਟ ਖੇਤਰ ਦੀ ਗੱਲ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਨੇ ਮੈਨੇਜਮੈਂਟ 'ਚ ਪੰਜਾਬ ਪੱਧਰ 'ਤੇ ਦੂਜਾ ਸਥਾਨ ਅਤੇ ਉੱਤਰ ਭਾਰਤ ਦੀਆਂ ਵਿੱਦਿਅਕ ਸੰਸਥਾਵਾਂ 'ਚੋਂ 10ਵਾਂ ਸਥਾਨ ਹਾਸਲ ਕੀਤਾ ਹੈ,  ਜਦੋਂ ਕਿ ਦੇਸ਼ ਦੀਆਂ ਨਿੱਜੀ ਯੂਨੀਵਰਸਿਟੀਆਂ 'ਚੋਂ 23ਵੇਂ ਸਥਾਨ 'ਤੇ ਕਾਬਜ਼ ਰਹਿਣ ਦਾ ਮਾਣ ਹਾਸਲ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2012 'ਚ ਸਥਾਪਿਤ ਹੋਈ ਚੰਡੀਗੜ੍ਹ ਯੂਨੀਵਰਸਿਟੀ ਸਿਰਫ ਅੱਠ ਸਾਲਾਂ ਦੇ ਅਰਸੇ 'ਚ ਹੀ ਆਪਣੇ ਮਿਆਰ ਦੇ ਅਧਾਰ 'ਤੇ ਦੇਸ਼ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ 'ਚ ਸ਼ਾਮਲ ਹੋ ਗਈ ਹੈ।

ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਕਿਹਾ ਕਿ ਉਸਾਰੂ ਨੀਤੀਆਂ ਅਤੇ ਪ੍ਰਤੀਭਾਸ਼ਾਲੀ ਤੇ ਸਮਰੱਥ ਟੀਮ ਹੀ ਅੱਵਲ ਨਤੀਜੇ ਸਾਹਮਣੇ ਲਿਆ ਸਕਦੀ ਹੈ। ਇਸ ਮੌਕੇ ਉਨ੍ਹਾਂ ਸੀ. ਯੂ. ਦੇ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ਨੂੰ ਆਪਣੇ ਸ਼ਾਨਦਾਰ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਸ. ਸੰਧੂ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ 'ਵਰਸਿਟੀ ਦੇਸ਼ ਭਰ ਦੀਆਂ ਯੂਨੀਵਰਸਿਟੀਆਂ 'ਚੋਂ ਪਹਿਲੇ ਸਥਾਨ 'ਤੇ ਸ਼ਾਮਲ ਹੋ ਜਾਵੇਗੀ, ਜਿਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹੋਰ ਉਸਾਰੂ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।


Babita

Content Editor

Related News