ਮੁਕਤਸਰ ’ਚ ਤਾਇਨਾਤ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਦੇ ਮੂੰਹ ’ਤੇ ਮਲੀ ਕਾਲਕ
Wednesday, Apr 13, 2022 - 11:44 AM (IST)
ਬਠਿੰਡਾ (ਵਰਮਾ) : ਮੁਕਤਸਰ ’ਚ ਤਾਇਨਾਤ ਫੂਡ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਦੇ ਮੂੰਹ ’ਤੇ ਬਠਿੰਡਾ ਦੇ ਐੱਸ. ਐੱਸ. ਪੀ. ਦਫ਼ਤਰ ਨੇੜੇ ਪਾਰਕ ’ਚ ਕਾਲਕ ਮਲੀ ਗਈ। ਕਾਲਕ ਮਲਣ ਵਾਲੇ ਵੀ ਉਕਤ ਅਧਿਕਾਰੀ ਦੇ ਵਿਭਾਗ ਤੋਂ ਹੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਮੌਕੇ ’ਤੇ ਮੌਜੂਦ ਗੁਰਜੰਟ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਕਤ ਅਧਿਕਾਰੀ ਵਿਜੀਲੈਂਸ ਕੋਲ ਉਸ ਦੇ ਨਾਂ ’ਤੇ ਝੂਠੀਆਂ ਸ਼ਿਕਾਇਤਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬਾਈਕ ਸਵਾਰ ਬਦਮਾਸ਼ਾਂ ਦਾ ਕਾਰਨਾਮਾ, ਪ੍ਰਾਪਰਟੀ ਡੀਲਰ ਦੇ ਸਿਰ ’ਤੇ ਦਾਤਰ ਮਾਰ ਪਤਨੀ ਨੂੰ ਕੀਤਾ ਅਗਵਾ
ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਨੇ ਦੱਸਿਆ ਕਿ 30 ਮਾਰਚ ਨੂੰ ਮੁਕਤਸਰ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਉਨ੍ਹਾਂ ਦੇ ਹੀ ਵਿਭਾਗ ਦੇ ਕੁਝ ਮੁਲਾਜ਼ਮਾਂ ਖ਼ਿਲਾਫ਼ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜਦੋਂ ਵਿਜੀਲੈਂਸ ਨੇ ਉਸ ਨੂੰ ਬੁਲਾਇਆ ਤਾਂ ਉਸ ਦੇ ਨਾਂ ’ਤੇ ਸ਼ਿਕਾਇਤ ਦੇਖ ਕੇ ਉਹ ਹੈਰਾਨ ਰਹਿ ਗਿਆ, ਕਿਉਂਕਿ ਉਸ ਨੇ ਉਕਤ ਸ਼ਿਕਾਇਤ ਨਹੀਂ ਕੀਤੀ ਸੀ। ਗੁਰਜੰਟ ਨੇ ਦੱਸਿਆ ਕਿ ਉਕਤ ਮਾਮਲਾ ਮੇਰੇ ਧਿਆਨ ਵਿਚ ਆਉਂਦੇ ਹੀ ਮੈਂ ਸ਼ਿਕਾਇਤਕਰਤਾ ਦੀ ਭਾਲ ਸ਼ੁਰੂ ਕਰ ਦਿੱਤੀ। ਪਿੱਛੇ ਜਿਹੇ ਮੈਨੂੰ ਪਤਾ ਲੱਗਾ ਕਿ ਵਿਜੀਲੈਂਸ ਖ਼ਿਲਾਫ਼ ਸ਼ਿਕਾਇਤ ਫੂਡ ਸਪਲਾਈ ਵਿਭਾਗ ਮੁਕਤਸਰ ਦੇ ਇਕ ਅਧਿਕਾਰੀ ਦੀ ਹੈ। ਜਿਸ ਤੋਂ ਬਾਅਦ ਜਦੋਂ ਅਧਿਕਾਰੀ ਸ਼ਿਕਾਇਤ ਨੂੰ ਲੈ ਕੇ ਮੰਗਲਵਾਰ ਨੂੰ ਬਠਿੰਡਾ ਪਹੁੰਚੇ ਤਾਂ ਉਹ ਅਤੇ ਜਿਨ੍ਹਾਂ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਹ ਵੀ ਮੌਕੇ ’ਤੇ ਆ ਗਏ।
ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ
ਗੁਰਜੰਟ ਨੇ ਦੱਸਿਆ ਕਿ ਇਸ ਦੌਰਾਨ ਉਹ ਸਾਰੇ ਇਕ ਪਾਰਕ ਵਿਚ ਉਕਤ ਅਧਿਕਾਰੀ ਬਾਰੇ ਗੱਲਾਂ ਕਰਨ ਲੱਗੇ ਤਾਂ ਇਸ ਦੌਰਾਨ ਕੁਝ ਔਰਤਾਂ ਅਤੇ ਮਰਦਾਂ ਨੇ ਉਕਤ ਅਧਿਕਾਰੀ ਦੇ ਮੂੰਹ ਅਤੇ ਸਿਰ ’ਤੇ ਕਾਲਕ ਮਲ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਗੁਰਜੰਟ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਉਸ ਨੇ ਆਪਣੀ ਤਰਫੋਂ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਇਸ ਮਾਮਲੇ ਸਬੰਧੀ ਪੁਲਸ ਜਾਂ ਫੂਡ ਸਪਲਾਈ ਵਿਭਾਗ ਦਾ ਕੋਈ ਵੀ ਅਧਿਕਾਰੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਜਦੋਂ ਉਪਰੋਕਤ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਫ਼ੋਨ ਨਹੀਂ ਚੁੱਕਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ