ਨਿਕਾਸੀ ਨਾ ਹੋਣ ਕਾਰਨ ਬਾਰਿਸ਼ ਦੇ ਪਾਣੀ ''ਚ ਡੁੱਬਿਆ ਬੁਢਲਾਡਾ ਦਾ ਖੇਡ ਮੈਦਾਨ

07/14/2020 1:48:27 AM

ਬੁਢਲਾਡਾ (ਮਨਜੀਤ)- ਸਬ-ਡਵੀਜਨ ਬੁਢਲਾਡਾ ਦੇ ਇੱਕੋ-ਇੱਕ ਗੁਰੂ ਤੇਗ ਬਹਾਦਰ ਸਟੇਡੀਅਮ ਦਾ ਬਾਰਿਸ਼ ਪੈਣ ਕਾਰਨ ਬੁਰਾ ਹਾਲ ਹੋ ਗਿਆ ਹੈ, ਜਿਸ ਦੇ ਪਾਣੀ ਦੀ ਕਿਸੇ ਪਾਸੇ ਨਿਕਾਸੀ ਨਾ ਹੋਣ ਕਾਰਨ ਖੇਡ ਸਟੇਡੀਅਮ ਮੀਂਹ ਪੈਣ ਕਾਰਨ ਤਲਾਅ ਬਣ ਗਿਆ ਹੈ, ਜਿਸ ਨੂੰ ਲੈ ਕੇ ਖਿਡਾਰੀਆਂ, ਵਾਤਾਵਰਣ ਪ੍ਰੇਮੀਆਂ ਅਤੇ ਸ਼ਹਿਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦਾ ਇੱਕੋ-ਇੱਕ ਖੇਡ ਸਟੇਡੀਅਮ ਬੇਧਿਆਨੀ ਦੀ ਭੇਂਟ ਚੜ੍ਹ ਰਿਹਾ ਹੈ। ਜਿਕਰਯੋਗ ਹੈ ਕਿ ਇਹ ਸਟੇਡੀਅਮ ਸਵੇਰੇ-ਸ਼ਾਮ ਖੇਡ ਪ੍ਰੇਮੀਆਂ ਦੀ ਮੰਗ ਤੇ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਪਿਛਲੇ ਸਮੇਂ ਦੌਰਾਨ ਬਣਾਇਆ ਗਿਆ ਸੀ। ਪਰ ਜਿਵੇਂ-ਜਿਵੇਂ ਸ਼ਹਿਰ ਦੇ ਹੋਰ ਵਿਕਾਸ ਹੁੰਦੇ ਰਹੇ, ਉਵੇਂ ਇਸ ਸਟੇਡੀਅਮ ਦੀ ਬੇਧਿਆਨੀ ਰਹੀ, ਜਿਸ ਕਾਰਨ ਇਹ ਸਟੇਡੀਅਮ ਵਿਕਾਸ ਨਹੀਂ ਕਰ ਸਕਿਆ। ਸਾਉਣ ਦੇ ਮਹੀਨੇ ਇੱਕ ਦਿਨ ਪਈ ਮੁਸਲੇਧਾਰ ਬਾਰਿਸ਼ ਨਾਲ ਵੀ ਇਸ ਸਟੇਡੀਅਮ ਦਾ ਪਾਣੀ ਤਲਾਅ ਦਾ ਰੂਪ ਧਾਰਨ ਕਰ ਗਿਆ। ਇਸ ਸੰਬੰਧੀ ਵਾਤਾਵਰਣ ਪ੍ਰੇਮੀ ਬਚਿੱਤਰ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਮਾ: ਕਾਕਾ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਡ ਪ੍ਰੇਮੀ ਹਰ ਵਾਰ ਆਪਣੇ ਵੱਲੋਂ ਪੈਸੇ ਖਰਚ ਕਰਕੇ ਇਸ ਸਟੇਡੀਅਮ ਦੀ ਮੇਨਟੀਨੈਸ ਕਰਵਾਉਂਦੇ ਹਨ। ਪਰ ਸਰਕਾਰਾਂ ਵੱਲੋਂ ਕੋਈ ਵਿਸ਼ੇਸ ਫੰਡ ਨਹੀਂ ਜਾਰੀ ਕੀਤੇ ਗਏ ਅਤੇ ਨਾ ਹੀ ਇਸ ਦੀ ਕੋਈ ਮੁਰੰਮਤ ਕਰਵਾਈ ਗਈ, ਜਿਸ ਕਾਰਨ ਇਸ ਸਟੇਡੀਅਮ ਦੀ ਹਾਲਤ ਬਦਤਰ ਹੁੰਦੀ ਜਾ ਰਹੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਟੇਡੀਅਮ ਸੜਕ ਨਾਲੋਂ 2 ਫੁੱਟ ਨੀਵਾਂ ਹੋਣ ਕਾਰਨ ਪਾਣੀ ਦੀ ਕੋਈ ਨਿਕਾਸੀ ਨਹੀਂ ਅਤੇ ਬਾਰਿਸ਼ਾਂ ਨਾਲ ਭਾਰੀ ਤਦਾਦ ਵਿੱਚ ਪਾਣੀ ਜਮ੍ਹਾ ਹੋਣ ਕਾਰਨ ਕਈ-ਕਈ ਹਫਤੇ ਸਟੇਡੀਅਮ ਵਿੱਚ ਪਾਣੀ ਨਹੀਂ ਸੁੱਕਦਾ। ਜਿਸ ਕਾਰਨ ਇਹ ਸਟੇਡੀਅਮ ਲੋਕਾਂ ਨਾਲੋਂ ਕੱਟਿਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਟੇਡੀਅਮ ਵਿੱਚ ਰਿਚਾਰਜ ਬੋਰ ਲਗਾ ਕੇ ਇਸ ਦੀ ਜਰੂਰੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਹ ਸਟੇਡੀਅਮ ਸ਼ਹਿਰ ਦੀ ਸ਼ਾਨ ਬਣਨ ਦੇ ਨਾਲ-ਨਾਲ ਇੱਥੋਂ ਖੇਡ ਪ੍ਰੇਮੀ ਵੱਡੇ ਖਿਡਾਰੀ ਬਣ ਕੇ ਅੱਗੇ ਨਿਕਲ ਸਕਣ। ਇਸ ਸੰਬੰਧੀ ਜਦੋਂ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਮਾਮਲਾ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣਗੇ।  


Bharat Thapa

Content Editor

Related News