BSNL ਦੇ ਕਾਮੇ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨੂੰ ਤਰਸੇ

04/25/2020 1:33:31 AM

ਸੰਗਰੂਰ,(ਸਿੰਗਲਾ) :ਇਕ ਪਾਸੇ ਕੇਂਦਰ ਤੇ ਸੂਬਾ ਸਰਕਾਰ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਾਉਣ ਲਈ ਲਾਕਡਾਊਨ ਤੇ ਕਰਫਿਊ ਲਗਾਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ ਕਰਦੀ ਹੈ ਤੇ ਜਦਕਿ ਟੈਲੀਫੋਨ ਵਿਭਾਗ ਵਿੱਚ ਕੰਮ ਕਰਦੇ ਬੀ.ਐਸ.ਐਨ.ਐਲ ਦੇ ਠੇਕੇਦਾਰਾਂ ਅਧੀਨ ਰੱਖੇ ਹਜ਼ਾਰਾਂ ਕਾਮੇ ਪਿਛਲੇ ਕਈ ਮਹੀਨਿਆ ਤੋਂ ਤਨਖਾਹ ਨਾ ਮਿਲਣ ਕਰਕੇ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘ ਰਹੇ ਹਨ। ਬੀ. ਐਸ. ਐਨ. ਐਲ ਕੈਜ਼ੂਅਲ ਐਂਡ ਕੰਟਰੈਕਟ ਵਰਕਰਜ਼ ਯੂਨੀਅਨ ਏਟਕ ਪੰਜਾਬ ਐਸ. ਐਸ. ਏ. ਏਰੀਆ ਸੰਗਰੂਰ ਦੇ ਮੀਤ ਪ੍ਰਧਾਨ ਝਰਮਲ ਸਿੰਘ ਬੜੀ ਨੇ ਦੱਸਿਆ ਕਿ ਅਸੀਂ ਬੀ. ਐਸ.ਐਨ.ਐਲ ਵਿੱਚ ਪਿਛਲੇ 15 ਤੋਂ 20 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ, ਸਾਨੂੰ ਪਿਛਲੇ ਸਾਲ ਦਸੰਬਰ 2018 ਤੋਂ ਤਨਖਾਹ ਨਹੀਂ ਮਿਲੀ। ਇਸ ਸਬੰਧ ਵਿੱਚ ਅਸੀ ਸੀ. ਜੀ. ਐਮ ਚੰਡੀਗੜ੍ਹ ਬੀ.ਐਸ.ਐਨਐਲ ਅਤੇ ਜਨਰਲ ਮੈਨੇਜਰ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਦੇ ਚੁੱਕੇ ਹਾਂ ਪਰ ਅਜੇ ਤੱਕ ਤਨਖਾਹ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਅਜੈਬ ਸਿੰਘ ਹਥਨ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਹੁਣ 22 ਮਾਰਚ ਤੋਂ ਦੇਸ਼ ਵਿੱਚ ਲਾਕਡਾਊਨ ਹੋਣ ਨਾਲ ਇਹਨਾਂ ਕਾਮਿਆਂ ਦੀਆਂ ਮੁਸ਼ਕਲਾ ਵਿੱਚ ਹੋਰ ਵੀ ਵਾਧਾ ਹੋਇਆ ਹੈ। ਅਸੀਂ ਅਤੇ ਸਾਡੇ ਪਰਿਵਾਰ ਭੁੱਖੇ ਮਰਨ ਲਈ ਮਜ਼ਬੂਰ ਹੋ ਗਏ ਹਾਂ।

ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਜ਼ਿਲਾ ਸੰਗਰੂਰ ਦੀ ਨਹੀਂ ਸਗੋਂ ਪੰਜਾਬ ਅੰਦਰ ਕੰਮ ਕਰਦੇ 8000 ਹਜ਼ਾਰ ਕਾਮਿਆ ਦੀ ਹੈ, ਜ਼ਿਨਾਂ ਨੂੰ ਦਸਬੰਰ 2018 ਤੋਂ ਲੈ ਕੇ ਅੱਜ ਤੱਕ ਤਨਖਾਹ ਨਹੀਂ ਮਿਲੀ। ਜਦਕਿ ਇਹਨਾਂ ਵਰਕਰਾ ਨੇ ਘਰਾਂ ਦੇ ਸਮਾਨ, ਦੁੱਧ, ਬਿਜਲੀ, ਪਾਣੀ ਬਿੱਲ, ਬੱਚਿਆਂ ਦੀ ਪੜਾਈ, ਕਿਤਾਬਾਂ, ਸਕੂਲਾਂ ਦੀਆਂ ਫੀਸਾਂ, ਦਵਾਈਆਂ ਆਦਿ ਦੇ ਖਰਚੇ ਵੀ ਕਰਨੇ ਹਨ। ਜਿਸ ਕਰਕੇ ਇਹ 8 ਹਜ਼ਾਰ ਪਰਿਵਾਰ ਇਸ ਵਕਤ ਬੁਰੀ ਸਥਿਤੀ 'ਚੋ ਗੁਜਰ ਰਹੇ ਹਨ। ਆਗੂਆਂ ਨੇ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਮਹਿਕਮਾ ਤੇ ਠੇਕੇਦਾਰ ਸਾਡੇ ਪਾਸੋਂ ਕੰਮ ਤਾਂ ਪੂਰਾ ਲੈਂਦੇ ਹਨ ਪਰ ਜਦੋਂ ਸਾਨੂੰ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਸ ਸਮੇਂ ਫੰਡ ਨਾ ਆਉਣ ਦਾ ਬਹਾਨਾ ਲਗਾ ਦਿੰਦੇ ਹਨ। ਇਹਨਾਂ ਆਗੂਆਂ ਨੇ ਦੱਸਿਆਂ ਕਿ ਅਸੀ ਆਪਣੀ ਤਨਖਾਹ ਨਾਂ ਮਿਲਣ ਦੀ ਸਮੱਸਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਾਂ ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਹੋਇਆ। ਇਹਨਾਂ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਟੈਲੀਕਾਮ ਮਨਿਸਟਰ ਰਵੀ ਸ਼ੰਕਰ ਪ੍ਰਸ਼ਾਦ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਹਨਾਂ 8000 ਹਜ਼ਾਰ ਕਾਮਿਆਂ ਦੀ 2018 ਤੋਂ ਰੁਕੀ ਤਨਖਾਹ ਦਾ ਜਲਦ ਤੋਂ ਜਲਦ ਭੁਗਤਾਨ ਕਰਵਾਇਆ ਜਾਵੇ ਤਾਂ ਜੋ ਇਸ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੱਲ ਰਹੇ ਹਲਾਤਾ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।


Deepak Kumar

Content Editor

Related News