ਭਵਾਨੀਗੜ੍ਹ ’ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ
Saturday, Apr 25, 2026 - 10:56 PM (IST)
ਭਵਾਨੀਗੜ੍ਹ (ਵਿਕਾਸ) - ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਸ਼ਨੀਵਾਰ ਨੂੰ ਪੂਰਾ ਦਿਨ ਭਵਾਨੀਗੜ੍ਹ ਵਿਚ ਮਾਹੌਲ ਗਰਮਾਇਆ ਰਿਹਾ। ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ‘ਆਪ’ ਦੇ 2 ਧੜੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਧੜਿਆਂ ’ਚੋਂ ਇਕ ਨੇ ਮਾਲਵਿੰਦਰ ਮਾਲਾ ਨੂੰ ਜਦਕਿ ਦੂਜੇ ਧੜੇ ਨੇ ਟਰੱਕ ਆਪ੍ਰੇਟਰ ਲਵਲੀ ਕਾਕੜਾ ਨੂੰ ਆਪਣਾ ਪ੍ਰਧਾਨ ਚੁਣ ਲਿਆ।
ਇਸ ਦੌਰਾਨ ਜਦੋਂ ਕਾਕੜਾ ਨੂੰ ਪ੍ਰਧਾਨ ਥਾਪੇ ਜਾਣ ਦੀ ਖੁਸ਼ੀ ਮਨਾਈ ਜਾ ਰਹੀ ਸੀ ਤਾਂ ਪੁਲਸ ਧੱਕੇ ਨਾਲ ਲਵਲੀ ਕਾਕੜਾ ਨੂੰ ਚੁੱਕ ਕੇ ਕਿਸੇ ਅਣਦੱਸੀ ਥਾਂ ’ਤੇ ਲੈ ਗਈ, ਜਿਸ ਮਗਰੋਂ ਵੱਡੀ ਗਿਣਤੀ ’ਚ ਟਰੱਕ ਆਪ੍ਰੇਟਰ ਭੜਕ ਗਏ ਤੇ ਗੁੱਸੇ ਵਿਚ ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।
ਧਰਨਾਕਾਰੀ ਟਰੱਕ ਆਪ੍ਰੇਟਰਾਂ ਸਮੇਤ ‘ਆਪ’ ਆਗੂਆਂ ਨੇ ਦੱਸਿਆ ਕਿ ਅੱਜ ਪੁਲਸ ਪ੍ਰਸ਼ਾਸਨ ਵੱਲੋਂ ਟਰੱਕ ਯੂਨੀਅਨ ਦੇ ਕਮੇਟੀ ਮੈਂਬਰਾਂ ਤੇ ਚੋਣ ਲੜ ਰਹੇ ਆਗੂਆਂ ਨੂੰ ਡੀ.ਐੱਸ.ਪੀ. ਦਫ਼ਤਰ ਮੀਟਿੰਗ ਸਬੰਧੀ ਬੁਲਾਇਆ ਗਿਆ ਸੀ। ਇਸ ਦੌਰਾਨ ਇਕ ਧੜੇ ਨੇ ਮਾਲਵਿੰਦਰ ਸਿੰਘ ਮਾਲਾ ਨੂੰ ਪ੍ਰਧਾਨ ਐਲਾਨ ਦਿੱਤਾ। ਕੁਝ ਸਮੇਂ ਬਾਅਦ ਦੂਜੇ ਧੜੇ ਨੇ ਇਕੱਠੇ ਹੋ ਕੇ ਲਵਲੀ ਕਾਕੜਾ ਨੂੰ ਪ੍ਰਧਾਨ ਐਲਾਨ ਦਿੱਤਾ, ਜਿਸ ਨਾਲ ਵਿਵਾਦ ਹੋਰ ਗੰਭੀਰ ਹੋ ਗਿਆ। ਕੁਝ ਆਗੂਆਂ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਡੀ.ਐੱਸ.ਪੀ. ਦਫ਼ਤਰ ਵਿਚ ਬਿਠਾ ਕੇ ਰੱਖਿਆ ਗਿਆ। ਇਸ ਸਬੰਧੀ ਪਤਾ ਲੱਗਦੇ ਹੀ ਮੌਜੂਦਾ ‘ਆਪ’ ਵਿਧਾਇਕਾ ਨੇ ਡੀ.ਐੱਸ.ਪੀ. ਦਫਤਰ ਪਹੁੰਚ ਕੇ ਆਪਣੇ ਸਮਰਥਕਾਂ ਨੂੰ ਰਿਹਾਅ ਕਰਵਾਇਆ।
ਓਧਰ, ਦੂਜੀ ਧਿਰ ਵੱਲੋਂ ਥਾਪੇ ਗਏ ਪ੍ਰਧਾਨ ਮਾਲਵਿੰਦਰ ਸਿੰਘ ਮਾਲਾ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਚੁਣਿਆ ਗਿਆ ਹੈ। ਓਧਰ, ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਟਰੱਕ ਆਪ੍ਰੇਟਰ ਧਰਨੇ ’ਤੇ ਡਟੇ ਹੋਏ ਸਨ ਤੇ ਇਲਾਕੇ ਵਿਚ ਤਣਾਅ ਬਰਕਰਾਰ ਸੀ। ਰਾਤ ਕਰੀਬ 8 ਵਜੇ ਧਰਨੇ ਦੌਰਾਨ ਮਾਹੌਲ ਉਸ ਵੇਲੇ ਬੇਕਾਬੂ ਹੋ ਗਿਆ, ਜਦੋਂ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਪਥਰਾਅ ਹੋ ਗਿਆ।
ਇਸ ਸੰਘਰਸ਼ ਦੌਰਾਨ ਪੁਲਸ ਦੀਆਂ 2 ਗੱਡੀਆਂ ਦੀ ਭੰਨਤੋੜ ਕਰ ਦਿੱਤੀ ਗਈ। ਇਹ ਸਭ ਉਸ ਵੇਲੇ ਵਾਪਰਿਆ ਜਦੋਂ ਪੁਲਸ ਨੇ ਹਾਈਵੇਅ ਤੋਂ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ। ਭੜਕੇ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਪੁਲਸ ਕਰਮੀਆਂ ਨੇ ਇੱਧਰ-ਉੱਧਰ ਭੱਜ ਕੇ ਆਪਣੇ ਆਪ ਨੂੰ ਬਚਾਇਆ। ਪੁਲਸ ਨੂੰ ਹਾਲਾਤ ’ਤੇ ਕਾਬੂ ਪਾਉਣ ਲਈ ਸੰਗਰੂਰ ਤੋਂ ਭਾਰੀ ਗਿਣਤੀ ਵਿਚ ਪੁਲਸ ਫੋਰਸ ਮੰਗਵਾਉਣੀ ਪਈ, ਜਿਸ ਮਗਰੋਂ ਪੁਲਸ ਨੇ ਧਰਨਾਕਾਰੀਆਂ ਨੂੰ ਖਦੇੜ ਦਿੱਤਾ। ਉਪਰੰਤ ਹਾਈਵੇਅ ਤੋਂ ਜਾਮ ਖੁਲ੍ਹਵਾਇਆ ਗਿਆ। ਪੁਲਸ ’ਤੇ ਹੋਏ ਪਥਰਾਅ ਵਿਚ ਇਕ-ਦੋ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
