ਕਾਲੇ ਪੀਲੀਏ ਨਾਲ ਨੌਜਵਾਨ ਦੀ ਮੌਤ

08/25/2019 11:08:55 AM

ਮੋਗਾ (ਆਜ਼ਾਦ)—ਮੋਗਾ ਜ਼ਿਲੇ 'ਚ ਲੋਕ ਕਾਲੇ ਪੀਲੀਏ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਜ਼ਿਲੇ ਦੇ ਕਈ ਇਲਾਕਿਆਂ ਦਾ ਪਾਣੀ ਵੀ ਪੀਣ ਯੋਗ ਨਹੀਂ ਹੈ। ਇਲਾਜ ਮਹਿੰਗਾ ਹੋਣ ਕਰ ਕੇ ਵੀ ਲੋਕ ਆਪਣੇ ਪਿੰਡ ਦੇ ਡਾਕਟਰਾਂ ਤੋਂ ਹੀ ਇਲਾਜ ਕਰਵਾਉਣ ਲਈ ਮਜਬੂਰ ਹਨ। ਅੱਜ ਕਾਲੇ ਪੀਲੀਏ ਕਾਰਣ ਇਕ ਨੌਜਵਾਨ ਹਰਦਮ ਸਿੰਘ ਵਾਸੀ ਪਿੰਡ ਰੋਹੀ ਰਾਟੋਲ ਹਾਲ ਆਬਾਦ ਪਿੰਡ ਲੰਡੇਕੇ ਦੀ ਮੌਤ ਹੋ ਗਈ। ਪੁਲਸ ਨੂੰ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਹੌਲਦਾਰ ਜਗਮੋਹਨ ਸਿੰਘ ਉਥੇ ਪੁੱਜੇ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਹਰਦਮ ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੇ ਨਾਨਕੇ ਪਿੰਡ ਲੰਡੇਕੇ ਵਿਖੇ ਆਪਣੇ ਨਾਨੇ ਗੁਰਦੇਵ ਸਿੰਘ ਕੋਲ ਰਹਿ ਰਿਹਾ ਸੀ। ਉਸ ਦਾ ਇਲਾਜ ਵੀ ਚੱਲ ਰਿਹਾ ਸੀ, ਅੱਜ ਹਾਲਤ ਖਰਾਬ ਹੋਣ 'ਤੇ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ , ਜਿਥੇ ਉਸ ਨੇ ਦਮ ਤੋੜ ਦਿੱਤਾ। ਹੌਲਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਵਾਸੀ ਪਿੰਡ ਰੋਹੀ ਰਾਟੋਲ ਦੇ ਬਿਆਨਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਅੱਜ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।


Shyna

Content Editor

Related News