ਭਾਜਪਾ ਵਲੋਂ ਪੰਜਾਬ ''ਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਵਾਉਣ ਦੀ ਮੰਗ

01/15/2020 5:53:22 PM

ਫਿਰੋਜ਼ਪੁਰ (ਸੰਨੀ, ਭੁੱਲਰ) - ਭਾਰਤੀ ਜਨਤਾ ਪਾਰਟੀ ਜ਼ਿਲਾ ਫਿਰੋਜ਼ਪੁਰ ਵੱਲੋਂ ਪੰਜਾਬ 'ਚ ਸੀ.ਏ.ਏ. ਨਾਗਰਿਕਤਾ ਕਾਨੂੰਨ ਲਾਗੂ ਕਰਵਾਉਣ ਸਬੰਧੀ ਪ੍ਰੈੱਸ ਕਾਨਫਰੰਸ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਭਾਜਪਾ ਦੇ ਪੰਜਾਬ ਗਵਰਨਰ ਵਿਜੈਂਦਰ ਪਾਲ ਬਦਨੋਰ ਦੇ ਨਾਂ ਇਕ ਮੰਗ-ਪੱਤਰ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਦਵਿੰਦਰ ਬਜਾਜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ ਪੂਰੇ ਭਾਰਤ 'ਚ ਲਾਗੂ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਵਲੋਂ ਇਸ ਨੂੰ ਲਾਗੂ ਨਾ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਗਲਤੀ ਦੀ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸੀ.ਐੱਮ. ਅਹੁਦੇ ਲਈ ਸੁੰਹ ਚੁੱਕਣ ਦੌਰਾਨ ਭਾਰਤ ਦੇ ਸੰਵਿਧਾਨ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨ ਦੀ ਗੱਲ ਕਹੀ ਸੀ, ਜਿਸਨੂੰ ਪੰਜਾਬ ਦੇ ਮੁੱਖ ਮੰਤਰੀ ਭੁੱਲ ਚੁੱਕੇ ਹਨ। ਪੰਜਾਬ ਦੇ ਹਿੰਦੂ ਅਤੇ ਸਿੱਖ ਸਮਾਜ ਨੇ 1947 ਦੀ ਵੰਡ 'ਚ ਸਭ ਤੋਂ ਜ਼ਿਆਦਾ ਤਸ਼ੱਦਦ ਸਹੇ ਹਨ। ਉਨ੍ਹਾਂ ਕਿਹਾ ਕਿ ਜਿਨਾਂ ਲੋਕਾਂ ਨੂੰ ਨੌਕਰੀ, ਸਿਹਤ ਤੇ ਸਿੱਖਿਆ ਸੁਵਿਧਾਵਾਂ ਆਦਿ ਲੈਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਨਾਗਰਿਕਤਾ ਦੇ ਕੇ ਜਿੰਦਗੀ ਆਸਾਨ ਬਣਾਉਣ ਦੀ ਜੋ ਕੋਸ਼ਿਸ਼ ਇਸ ਪਾਰਟੀ ਨੇ ਕੀਤੀ ਹੈ, ਨੂੰ ਕਾਂਗਰਸ ਨਾਕਾਮ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਨਾ ਕਰਨ ਦੇ ਆਪਣੇ ਬਿਆਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਵੀ ਤੁਰੰਤ ਲਾਗੂ ਕਰੇ।


rajwinder kaur

Content Editor

Related News