ਭਗਵਾਨਪੁਰ ਹੀਂਗਣਾ ਕੋਲ ਨਿਊ ਢੰਡਾਲ ਨਹਿਰ ਵਿੱਚ ਪਿਆ ਪਾੜ, ਪਿੰਡ ਦੀ ਅਬਾਦੀ ਕੋਲ ਪੁਹੰਚਿਆ ਪਾਣੀ

05/12/2021 3:03:14 PM

ਸਰਦੂਲਗੜ੍ਹ (ਚੋਪੜਾ): ਭਾਖੜਾ ਮੇਨ ਬ੍ਰਾਂਚ ’ਚੋਂ ਨਿਕਲਦੀ ਨਿਊ ਢੰਡਾਲ ਨਹਿਰ ਦਾ ਪਿੰਡ ਭਗਵਾਨਪੁਰ ਹੀਂਗਣਾ ਕੋਲ 50 ਫੁੱਟ ਚੌੜਾ ਪਾੜ ਪੈਣ ਨਾਲ ਤਕਰੀਬਨ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ, ਜਿਸ ਨਾਲ 15ਏਕੜ ਵਿੱਚ ਬੀਜੀਆਂ ਸਬਜ਼ੀਆਂ, ਚਾਰਾ ਤੇ ਨਰਮੇ ਦੀ ਫ਼ਸਲ ਨੁਕਸਾਨੀ ਗਈ। ਨਹਿਰ ਦਾ ਪਾਣੀ ਪਿੰਡ ਦੀ ਆਬਾਦੀ ਕੋਲ ਪੁਹੰਚ ਕੇ ਸੜਕ ਪਾਰ ਕਰ ਗਿਆ, ਜਿਸ ਨਾਲ ਸੜਕ ਟੁੱਟਣ ਕਰਕੇ ਘੱਗਰ ਦੇ ਪੁੱਲ ਨੂੰ ਜਾਣ ਵਾਲੀ ਆਵਾਜਾਈ ਬੰਦ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਨਹਿਰ ਦੀ ਪਿਛਲੇ ਦਿਨਾਂ ਤੋਂ ਬੰਦੀ ਚਲ ਰਹੀ ਸੀ, ਕੱਲ ਆਏ ਤੇਜ ਪਾਣੀ ਦੇ ਵਹਾਅ ਕਾਰਣ ਹੋਈ ਲੀਕੇਜ਼ ਕਰਕੇ ਨਹਿਰ ਪਿੰਡ ਵਾਲੇ ਪਾਸੇ ਟੁੱਟ ਗਈ ਅਤੇ ਤਕਰੀਬਨ 50ਫੁੱਟ ਚੌੜਾ ਪਾੜ ਪੈ ਗਿਆ। ਨਹਿਰ ਦਾ ਪਾਣੀ  ਸੀਂਚੇ ਵਾਲੇ ਮਾਡਲ ਤੇ ਬਣ ਰਹੇ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਦਾਖਲ ਹੋ ਕੇ ਪਿੰਡ ਦੀ ਆਬਾਦੀ ਤੇ ਸ਼ਮਸ਼ਾਨਘਾਟ ਕੋਲੋਂ ਘੱਗਰ ਦੇ ਪੁੱਲ ਨੂੰ ਜਾਂਦੀ ਸੜਕ ਤੋਂ ਕਰਾਸ ਕਰ ਗਿਆ। ਜਿਸ ਨਾਲ ਟ੍ਰੀਟਮੈਂਟ ਪਲਾਂਟ ਦੇ ਟੈਂਕ ਪਾਣੀ ਨਾਲ ਭਰ ਗਏ ਅਤੇ ਸੜਕ ਟੁੱਟਣ ਕਾਰਣ ਇਸ ਸੜਕ ਤੇ ਵੱਡੀ ਗਿਣਤੀ ਵਿੱਚ ਚਲਦੇ ਵਾਹਨਾਂ ਦੀ ਆਵਾਜਾਈ ਵੀ ਬੰਦ ਹੋ ਗਈ।

ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਪਾਇਪਾਂ ਪਾ ਕੇ ਪੱਕਾ ਹੱਲ ਕੀਤਾ ਜਾਵੇ ਅਤੇ ਟੁੱਟੀ ਸੜਕ ਦੀ ਤਰੁੰਤ ਮੁਰੰਮਤ ਕਰਵਾ ਕੇ ਆਵਾਜਾਈ ਬਹਾਲ ਕੀਤੀ ਜਾਵੇ। ਇਸ ਬਾਰੇ ਨਹਿਰੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਅਮਨ ਕੁਮਾਰ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪਾੜ ਪੂਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਕੱਲ੍ਹ ਸਵੇਰ ਤੋਂ ਨਹਿਰ ਵਿੱਚ ਦੁਬਾਰਾ ਪਾਣੀ ਚਾਲੂ ਕਰ ਦਿੱਤਾ ਜਾਵੇਗਾ।


Shyna

Content Editor

Related News