ਭ੍ਰਿਸ਼ਟਾਚਾਰੀਆਂ ਕੋਲ ਹੁਣ ਦੋ ਹੀ ਬਦਲ, ਜੇਲ ਜਾਂ ਬੇਲ : ਮੋਦੀ
Wednesday, Apr 03, 2024 - 07:55 PM (IST)
ਕੋਲਕਾਤਾ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਲਈ ਵਚਨਬੱਧ ਹਨ। ਭ੍ਰਿਸ਼ਟਾਚਾਰ ’ਚ ਸ਼ਾਮਲ ਲੋਕਾਂ ਕੋਲ ਹੁਣ 2 ਹੀ ਬਦਲ ਹਨ- ਜੇਲ ਜਾਂ ਬੇਲ।
ਬੁੱਧਵਾਰ ’ਨਮੋ ਐਪ’ ਰਾਹੀਂ ਪੱਛਮੀ ਬੰਗਾਲ ਦੇ ਭਾਜਪਾ ਵਰਕਰਾਂ ਨਾਲ ਆਨਲਾਈਨ ਗੱਲਬਾਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਨੇ ਵੇਖਿਆ ਹੈ ਕਿ ਕਿਵੇਂ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਵਰਕਰਾਂ ਨੂੰ ਰੋਕਣ ਲਈ ਹਿੰਸਾ ਦਾ ਸਹਾਰਾ ਲਿਆ, ਪਰ ਭਾਜਪਾ ਵਰਕਰ ਨਿੱਡਰ ਹੋ ਕੇ ਖੜ੍ਹੇ ਰਹੇ। ਭ੍ਰਿਸ਼ਟਾਚਾਰੀਆਂ ਨੇ ਇਕੱਠੇ ਹੋ ਕੇ ਇਕ ਗੱਠਜੋੜ ਬਣਾ ਲਿਆ ਜੋ ਮੈਨੂੰ ਗਾਲ੍ਹਾਂ ਕੱਢਦਾ ਰਹਿੰਦਾ ਹੈ ਪਰ ਮੈਂ ਇਹ ਸਪੱਸ਼ਟ ਕਰ ਦਿੰਦਾ ਹਾਂ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਬੰਦ ਨਹੀਂ ਹੋਵੇਗੀ। ਭ੍ਰਿਸ਼ਟ ਲੋਕਾਂ ਕੋਲ ਦੋ ਹੀ ਬਦਲ ਬਚੇ ਹਨ-ਜੇਲ ਜਾਂ ਬੇਲ।
ਪੱਛਮੀ ਬੰਗਾਲ ’ਚ ਹਿੰਸਾ ਸਭ ਤੋਂ ਵੱਡੀ ਚੁਣੌਤੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਚੋਣਾਂ ਦੌਰਾਨ ਸਭ ਤੋਂ ਵੱਡੀ ਚੁਣੌਤੀ ਹਿੰਸਾ ਹੈ। ਪਾਰਟੀ ਨੂੰ ਸੂਬੇ ’ਚ ਆਪਣੀਆਂ ਸੀਟਾਂ ਦੀ ਗਿਣਤੀ ਦੇ ਵਧਣ ਦਾ ਭਰੋਸਾ ਹੈ। ਅਸੀਂ ਪੱਛਮੀ ਬੰਗਾਲ ’ਚ ਹੋ ਰਹੀਆਂ ਘਟਨਾਵਾਂ ’ਤੇ ਵੀ ਨਜ਼ਰ ਰੱਖ ਰਹੇ ਹਾਂ। ਅਸੀਂ ਹਰ ਵੋਟਰ ਦੇ ਘਰ ਪਹੁੰਚ ਕੇ ਉਸ ਨੂੰ ਨਿੱਡਰ ਹੋ ਕੇ ਵੋਟ ਪਾਉਣ ਲਈ ਉਤਸ਼ਾਹਿਤ ਕਰਾਂਗੇ।