CBI ਨੇ ਬਹਿਬਲਕਲਾਂ ਅਤੇ ਕੋਟਕਪੂਰਾ ਪੁਲਸ ਦੇ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਇੱਛਾ ਪ੍ਰਗਟ ਕੀਤੀ

12/20/2020 12:11:13 PM

ਫਰੀਦਕੋਟ (ਜਗਦੀਸ਼): ਬਰਗਾੜੀ ਬੇਅਦਬੀ ਮਾਮਲੇ ’ਚ ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਸੀ.ਬੀ.ਆਈ. ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਸ ਦੇ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਸੀ.ਬੀ.ਆਈ. ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਆਈ.ਜੀ.ਪੀ. ਕੁੰਵਰਵਿਜੈਪ੍ਰਤਾਪ ਸਿੰਘ ਨੂੰ 2015 ਦੀ ਪੁਲਸ ਫਾਇਰਿੰਗ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਤੋਂ ਹਟਾਉਣ ਦੀ ਪਟੀਸ਼ਨ ਦੇ ਸਬੰਧ ’ਚ ਹਲਫਨਾਮਾ ਦਾਇਰ ਕੀਤਾ ਹੈ। ਇਸ ਮਾਮਲੇ ’ਚ ਬਹਿਬਲ ਕਲਾਂ ਅਤੇ ਕੋਟਕਪੂਰਾ ਕੇਸਾਂ ’ਚ ਨਾਮਜ਼ਦ ਮੁਲਜ਼ਮਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਬਹਿਬਲ ਤੇ ਕੋਟਕਪੂਰਾ ਗੋਲੀਕਾਂਡ ਕੇਸਾਂ ਦੀ ਜਾਂਚ ਆਈ.ਜੀ.ਪੀ. ਕੁੰਵਰਵਿਜੈ ਪ੍ਰਤਾਪ ਸਿੰਘ ਤੋਂ ਵਾਪਸ ਲੈ ਕੇ ਸੀ.ਬੀ.ਆਈ. ਤੋਂ ਕਾਰਵਾਈ ਜਾਵੇ।

ਇਹ ਵੀ ਪੜ੍ਹੋ:  ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ

ਕੇਂਦਰੀ ਜਾਂਚ ਏਜੰਸੀ ਨੇ ਆਪਣੇ ਹਲਫਨਾਮੇ ’ਚ ਕਿਹਾ ਕਿ ਸੀ.ਬੀ.ਆਈ. ਅਤੇ ਬਹਿਬਲ ਕਲਾਂ ਗੋਲੀਬਾਰੀ ਕੇਸ ਅਤੇ ਕੋਟਕਪੂਰਾ ਫਾਇਰਿੰਗ ਕੇਸ, ਬਰਗਾੜੀ ਬੇਅਦਬੀ ਕੇਸਾਂ ਨਾਲ ਜੁੜੇ ਹਨ ਤੇ ਜੇਕਰ ਹਾਈਕੋਰਟ ਨਿਰਦੇਸ਼ ਦਿੰਦੀ ਹੈ ਤਾਂ ਸੀ.ਬੀ.ਆਈ. ਗੋਲੀਬਾਰੀ ਕੇਸਾਂ ਦੀ ਜਾਂਚ ਸੰਭਾਲਣ ਲਈ ਤਿਆਰ ਹੈ ਪਰ ਦੂਜੇ ਪਾਸੇ ਆਈ.ਜੀ.ਪੀ. ਕੁੰਵਰਵਿਜੈਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸ.ਆਈ.ਟੀ. ਨੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਐੱਸ.ਪੀ. ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਐੱਸ.ਐੱਚ.ਓ. ਅਮਰਜੀਤ ਸਿੰਘ ਕੁਲਾਰ, ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਦੇ ਬਹਿਬਲ ਕਲਾਂ ਮਾਮਲੇ ’ਚ ਚਾਰਜਸ਼ੀਟ ਪਹਿਲਾਂ ਹੀ ਕਰ ਦਿੱਤੀ ਹੈ। ਆਈ.ਜੀ.ਪੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐੱਸ.ਆਈ.ਟੀ. ਵੱਲੋਂ ਦੋਵਾਂ ਕੇਸਾਂ ’ਚ ਲਗਭਗ ਜਾਂਚ ਮੁਕੰਮਲ ਕਰ ਲਈ ਗਈ ਹੈ।

ਇਹ ਵੀ ਪੜ੍ਹੋ: ਕਿਸਾਨੀ ਘੋਲ ’ਚ ਗਿਆ ਪਿਓ ਤਾਂ ਧੀ ਨੇ ਆਪਣੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ

ਹੁਣ ਵੱਡਾ ਸਵਾਲ ਇਹੀ ਰਹੇਗਾ ਕਿ ਜੇਕਰ ਜਾਂਚ ਸੀ.ਬੀ.ਆਈ. ਨੂੰ ਦਿੱਤੀ ਜਾਂਦੀ ਹੈ ਤਾਂ ਏਜੰਸੀ ਨੂੰ ਦੁਬਾਰਾ ਕੇਸ ਦਰਜ ਕਰਨੇ ਪੈਣਗੇ ਅਤੇ ਸਾਰੇ ਗਵਾਹਾਂ ਤੋਂ ਦੁਬਾਰਾ ਪੁਛਗਿੱਛ ਕਰਨੀ ਪਵੇਗੀ ਜਦਕਿ ਇਸ ਕਾਂਡ ਨੂੰ 5 ਸਾਲ ਹੋ ਗਏ ਹਨ ਅਤੇ ਇਨਸਾਫ਼ ਦੀ ਉਡੀਕ ਬਾਕੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਨਤੀਜਨ ਦੋਸ਼ੀਆਂ ਨੂੰ ਫਾਇਦਾ ਮਿਲੇਗਾ।

ਇਹ ਵੀ ਪੜ੍ਹੋ: ਬਠਿੰਡਾ ਦੀ ਲਾਡਲੀ ਨੇ ਦਿੱਲੀ ’ਚ ਜੱਜ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ


Shyna

Content Editor

Related News