ਜੇਲ੍ਹ ''ਚ ਬੰਦ ''ਆਪ'' ਮੰਤਰੀ ਸਤੇਂਦਰ ਜੈਨ ਖ਼ਿਲਾਫ਼ CBI ਕਰੇਗੀ ਜਾਂਚ, ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ
Saturday, Mar 30, 2024 - 12:34 PM (IST)
ਨਵੀਂ ਦਿੱਲੀ (ਭਾਸ਼ਾ)- ਗ੍ਰਹਿ ਮੰਤਰਾਲਾ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਅਧੀਨ ਇਕ ਮਾਮਲੇ 'ਚ ਦਿੱਲੀ ਦੇ ਸਾਬਕਾ ਜੇਲ੍ਹ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਸੀ.ਬੀ.ਆਈ. ਜਾਂਚ ਦੀ ਮਨਜ਼ੂਰੀ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੈਨ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਜੇਲ੍ਹ 'ਚ ਹੈ। ਉਨ੍ਹਾਂ 'ਤੇ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਜੇਲ੍ਹ 'ਚ ਸੁਰੱਖਿਆ ਮੁਹੱਈਆ ਕਰਨ ਦੇ ਬਦਲੇ 'ਚ ਉਸ ਤੋਂ 10 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਕਰਨ ਦਾ ਦੋਸ਼ ਹੈ। ਜੈਨ ਤੋਂ ਇਲਾਵਾ ਤਿਹਾੜ ਜੇਲ੍ਹ 'ਚ ਬੰਦ ਹਾਈ-ਪ੍ਰੋਫਾਈਲ ਕੈਦੀਆਂ ਤੋਂ ਜ਼ਬਰਨ ਵਸੂਲੀ ਕਰਨ ਦਾ ਦੋਸ਼ ਹੈ। ਘਟਨਾਕ੍ਰਮ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਦੋਸ਼ ਲਗਾਇਆ,''ਭਾਜਪਾ ਦੀ ਬਦਲਾਖੋਰੀ ਦੀ ਸਿਆਸਤ ਹੁਣ ਇਸ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ ਕਿ ਇਕ ਬਦਨਾਮ ਠੱਗ ਦੀ ਗੱਲ 'ਤੇ ਭਰੋਸਾ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਦਾਅਵਿਆਂ ਨੂੰ ਉਸ ਵਿਅਕਤੀ ਖ਼ਿਲਾਫ਼ ਸੱਚ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ, ਜਿਸ ਨੇ ਦੁਨੀਆ ਭਰ 'ਚ ਮਸ਼ਹੂਰ ਦਿੱਲੀ ਦੇ 'ਮੁਹੱਲਾ ਕਲੀਨਿਕ' ਦਾ ਸੰਕਲਪ ਦਿੱਤਾ।''
ਜੈਨ ਮਈ 2022 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪਾਣੀ ਗ੍ਰਿਫ਼ਤਾਰੀ ਤੋਂ ਪਹਿਲਾਂ, ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਚ ਸਿਹਤ ਮੰਤਰੀ ਵੀ ਰਹੇ ਸਨ। ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ 22 ਮਾਰਚ ਨੂੰ ਜੈਨ ਖ਼ਿਲਾਫ਼ ਸੀ.ਬੀ.ਆਈ. ਜਾਂਚ ਦੀ ਮਨਜ਼ੂਰੀ ਦਿੱਤੀ ਗਈ, ਜਿਸ ਤੋਂ ਬਾਅਦ ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਅੱਗੇ ਦੀ ਉਪਯੁਕਤ ਕਾਰਵਾਈ ਲਈ ਫਾਈਲ ਮੁੱਖ ਸਕੱਤਰ ਕੋਲ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਚੰਦਰਸ਼ੇਖਰ ਨੇ ਇਕ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਸੀ.ਬੀ.ਆਈ. ਨੇ ਵਿਸ਼ੇ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਅਧੀਨ ਮੁਕੱਦਮਾ ਚਲਾਉਣ ਲਈ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਮੰਗੀ ਸੀ। ਚੰਦਰਸ਼ੇਖਰ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਤਿਹਾੜ ਜੇਲ੍ਹ 'ਚ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਜੈਨ ਨੇ 2018-21 ਦੌਰਾਨ ਕਿਸ਼ਤਾਂ 'ਚ 10 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਕੀਤੀ। ਇਹ ਵੀ ਦੋਸ਼ ਹੈ ਕਿ ਕੁਝ ਜੇਲ੍ਹ ਅਧਿਕਾਰੀਆਂ ਨੇ ਚੰਦਰਸ਼ੇਖਰ ਤੋਂ 2019-22 ਦੌਰਾਨ ਕਿਸ਼ਤਾਂ 'ਚ 12.50 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8