'ਨੋ ਚਾਈਨਾ ਡੋਰ' : ਦੁਕਾਨਾਂ ਤੋਂ ਲੈ ਕੇ ਘਰਾਂ ਦੀਆਂ ਛੱਤਾਂ 'ਤੇ ਪੁਲਸ ਦੀ ਛਾਪੇਮਾਰੀ

01/28/2020 2:26:20 PM

ਬਠਿੰਡਾ (ਸੁਖਵਿੰਦਰ) : ਚਾਈਨਾ ਡੋਰ 'ਤੇ ਰੋਕ ਲਾਉਣ ਲਈ ਇਸ ਵਾਰ ਪੁਲਸ ਵੱਲੋਂ ਮੁਹਿੰਮ ਤੇਜ਼ ਕਰ ਦਿੱਤੀ ਹੈ। ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਪੁਲਸ ਵੱਲੋਂ ਲਗਾਤਾਰ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਵੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਵੱਲੋਂ ਜਾਗਰੂਕ ਕੀਤਾ ਅਤੇ ਕੁਝ ਖਿਲਾਫ਼ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਰੋਜ਼ਾਨਾ ਚਾਈਨਾ ਡੋਰ ਨਾਲ ਜ਼ਖ਼ਮੀ ਹੋਣ ਦੇ ਦਰਜਨਾਂ ਮਾਮਲੇ ਸਾਹਮਣੇ ਆ ਰਹੇ ਹਨ। ਜਿਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਨਾ ਖਰੀਦਣ ਅਤੇ ਨਾ ਵੇਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਪੁਲਸ ਵੱਲੋਂ ਵੀ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਬੀਤੇ ਲਗਭਗ ਦੋ ਦਿਨਾਂ ਤੋਂ ਪੁਲਸ ਵੱਲੋਂ ਚਾਈਨਾ ਡੋਰ ਖਿਲਾਫ਼ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਪੁਲਸ ਵੱਲੋਂ ਜਿਥੇ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਸੇ ਨਾਲ ਹੀ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਵੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਵੱਲੋਂ ਪਤੰਗ ਉਡਾ ਰਹੇ ਨੌਜਵਾਨ ਦੀਆਂ ਡੋਰਾਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਪੁਲਸ ਨੇ ਨੌਜਵਾਨਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।

60 ਗੱਟੂ ਚਾਈਨਾ ਡੋਰ ਬਰਾਮਦ
ਪੁਲਸ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਵੇਖ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਕੁਝ ਨੌਜਵਾਨ ਡੋਰਾਂ ਨੂੰ ਸੁੱਟਦੇ ਨਜ਼ਰ ਆਏ। ਸ਼ਨੀਵਾਰ ਅਤੇ ਐਤਵਾਰ ਨੂੰ ਪੁਲਸ ਵੱਲੋਂ ਟੀਮਾਂ ਬਣਾ ਕੇ ਲੋਕਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੈਨਾਲ ਕਾਲੋਨੀ ਪੁਲਸ ਵਲੋਂ ਹੰਸ ਨਗਰ 'ਚੋਂ 60 ਗੱਟੂ ਚਾਈਨਾ ਡੋਰ ਦੇ ਬਰਮਾਦ ਕਰ ਕੇ ਮੋਹਿਤ ਵਾਸੀ ਹੰਸ ਨਗਰ ਖਿਲਾਫ਼ ਮਾਮਲਾ ਵੀ ਦਰਜ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

 

PunjabKesari

ਚਾਈਨਾ ਡੋਰ ਨਾਲ ਜ਼ਖਮੀ
ਐਤਵਾਰ ਨੂੰ ਸਬਜ਼ੀ ਮੰਡੀ ਸਥਿਤ ਬਾਰਦਾਨੇ ਦਾ ਕੰਮ ਕਰਨ ਵਾਲਾ ਵਪਾਰੀ ਗੋਪਾਲ ਨਾਰਾਇਣ ਕਪੂਰ (60) ਮੋਟਰਸਾਈਕਲ 'ਤੇ ਕੰਮ ਲਈ ਜਾ ਰਿਹਾ ਸੀ। ਬੱਸ ਸਟੈਂਡ ਨਜ਼ਦੀਕ ਅਚਾਨਕ ਉਸ ਦੇ ਗਲੇ 'ਚ ਚਾਈਨਾ ਡੋਰ ਫਸ ਗਈ ਅਤੇ ਉਸ ਨੇ ਗਲੇ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਲੰਟੀਅਰ ਮੌਕੇ 'ਤੇ ਪਹੁੰਚੇ ਅਤੇ ਗੰਭੀਰ ਹਾਲਤ 'ਚ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।


cherry

Content Editor

Related News