ਅਪਾਹਜ ਝੱਲ ਰਹੇ ਨੇ ਕੁਦਰਤ ਦੀ ਮਾਰ, ਹੁਣ ਸਰਕਾਰ ਤਾਂ ਲਵੇਂ ਸਾਰ

11/24/2020 10:12:50 AM

ਬਾਘਾ ਪੁਰਾਣਾ (ਚਟਾਨੀ): ਦੁੱਖਾਂ ਭਰੀ ਜ਼ਿੰਦਗੀ ਦੇ ਸਤਾਏ ਅਨੇਕਾਂ ਲੋਕ ਕੁਦਰਤ ਨੂੰ ਤਾਅਨੇ ਮਾਰਦੇ ਕਹਿੰਦੇ ਸੁਣਾਈ ਦਿੰਦੇ ਹਨ ਕਿ ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਇਸ ਧਰਤੀ ਉਪਰ ਜਨਮ ਹੀ ਨਾ ਦਿੰਦੀ। ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਰਿਸ਼ਟ ਪੁਸ਼ਟ ਲੋਕ, ਜਿਨ੍ਹਾਂ ਦੇ ਪੱਲੇ ਅਤਿ ਦੀ ਗਰੀਬੀ ਤਾਂ ਹੈ, ਉਹ ਤਾਂ ਕਿਵੇਂ ਨਾ ਕਿਵੇਂ ਆਪਣਾ ਪੇਟ ਪਾਲ ਰਹੇ ਹਨ ਪਰ ਸਰੀਰਕ ਤੌਰ 'ਤੇ ਅਪਾਹਜ਼ ਜੋ ਗਰੀਬੀ ਨਾਲ ਵੀ ਦੋ ਹੱਥ ਕਰ ਰਹੇ ਹਨ, ਪਰ ਉਨ੍ਹਾਂ ਵਿਚ ਸਰੀਰਕ ਤੌਰ 'ਤੇ ਇੰਨੀਂ ਸਮਰਥਾ ਵੀ ਨਹੀਂ ਕਿ ਉਹ ਕਿਰਤ ਕਰ ਕੇ ਆਪਣਾ ਪੇਟ ਪਾਲ ਸਕਣ। ਇੱਥੋਂ ਤੱਕ ਕਿ ਕਈ ਤਾਂ ਇਥੋਂ ਤੱਕ ਅਪਾਹਜ ਹਨ ਕਿ ਉਹ ਆਪਣੇ ਮੂਹਰੇ ਪਈ ਰੋਟੀ ਆਪਣੇ ਮੂੰਹ ਵਿਚ ਵੀ ਨਹੀਂ ਪਾ ਸਕਦੇ ਕਿਉਂਕਿ ਉਨ੍ਹਾਂ ਕੋਲ ਉਹ ਹੱਕ ਅਤੇ ਬਾਹਵਾਂ ਹੀ ਨਹੀਂ ਜਿਸ ਨਾਲ ਉਹ ਰੋਟੀ ਖਾ ਸਕਣ। ਕਈ ਲੋਕ ਮਾਨਸਿਕ ਤੌਰ 'ਤੇ ਹੀ ਇੰਨ੍ਹੇ ਬਿਮਾਰ ਹਨ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਅੱਗੇ ਖਾਣਾ ਮੂੰਹ ਵਿਚ ਜੇਕਰ ਕੋਈ ਖਾਣਾ ਪਾ ਵੀ ਦਿੰਦਾ ਹੈ ਤਾਂ ਅਜਿਹੇ ਅਪਾਹਜ਼ ਵਿਅਕਤੀਆਂ ਨੂੰ ਪਤਾ ਤੱਕ ਵੀ ਨਹੀਂ ਕਿ ਖਾਣਾ ਚਬਾ ਕੇ ਅੰਦਰ ਲੰਘਾਉਣਾ ਹੈ। ਕੁਦਰਤ ਦੀ ਮਾਰ ਦੇ ਸਤਾਏ ਲੋਕਾਂ ਦਾ ਦਰਦ ਜਾਨਣ ਵਾਲੇ ਦਾਨੀ ਸੱਜਣਾਂ ਨੇ ਭਾਵੇਂ ਅਜਿਹੇ ਲੋਕਾਂ ਦੇ ਇਲਾਜ ਲਈ ਕਈ ਯਤਨ ਕੀਤੇ ਹਨ, ਪਰ ਡਾਕਟਰਾਂ ਨੇ ਬੇਵਸੀ ਜਾਹਿਰ ਕਰਦਿਆਂ ਆਖਿਆ ਹੈ ਕਿ ਗੱਲ ਲੋੜੀਂਦੇ ਖਰਚਿਆਂ ਦੀ ਨਹੀਂ ਪ੍ਰੰਤੂ ਸਰੀਰ ਅੰਦਰਲੇ ਵਿਗੜੇ ਸਿਸਟਮ ਦੀ ਹੈ। ਇਥੇ ਨੇੜਲੇ ਪਿੰਡ ਆਲਮਵਾਲਾ ਕਲਾਂ ਦਾ ਇਕ ਵਿਅਕਤੀ ਕਰਨੈਲ ਸਿੰਘ ਜੋ ਮਸਾਂ 12 ਕੁ ਵਰ੍ਹਿਆਂ ਦੀ ਉਮਰ ਦੌਰਾਨ ਹੀ ਆਪਣੀਆਂ ਦੋਨੋਂ ਬਾਹਵਾਂ ਗੁਆ ਬੈਠਾ ਸੀ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

ਜ਼ਿੰਦਗੀ ਦੇ ਬਾਕੀ 59 ਸਾਲ ਇਸ ਸਮਾਜ ਅੰਦਰ ਨਰਕ ਭਰੀ ਜ਼ਿੰਦਗੀ ਜੀਅ ਕੇ ਦੋ ਕੁ ਵਰ੍ਹੇ ਪਹਿਲਾਂ ਇਸ ਧਰਤੀ ਤੋਂ ਸਦੀਵੀਂ ਤੌਰ 'ਤੇ ਚਲਾ ਗਿਆ। ਕਰਨੈਲ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਜਿਸ ਤਰ੍ਹਾਂ ਉਸ ਦੀ ਸੇਵਾ ਕੀਤੀ, ਉਸ ਸੇਵਾ ਨੂੰ ਲੋਕ ਸਲਾਮ ਕਰਦੇ ਹਨ। ਰੋਟੀ ਖੁਆਉਣ ਅਤੇ ਪਖਾਨੇ ਤੱਕ ਲੈ ਜਾਣ ਅਤੇ ਨਹਾਉਣ ਲਈ ਪਰਿਵਾਰਕ ਮੈਂਬਰਾਂ ਨੇ ਡਾਹਢਾ ਤਸ਼ੱਦਦ ਕੀਤਾ ਅਤੇ ਉਹ ਵੀ ਛੇ ਦਹਾਕਿਆਂ ਤੱਕ। ਅਜਿਹੇ ਹੀ ਇਸ ਖੇਤਰ ਦੇ ਕਈ ਮਾਨਸਿਕ ਰੋਗੀ ਸਨ, ਜਿਨ੍ਹਾਂ ਨੇ ਨਰਕ ਭਰੀ ਜ਼ਿੰਦਗੀ ਜਿਊਈਂ ਅਤੇ ਉਨ੍ਹਾਂ ਦੇ ਇਸ ਨਰਕ ਨੂੰ ਸਵਰਗ ਬਨਾਉਣ ਲਈ ਪਰਿਵਾਰ ਦੇ ਮੈਂਬਰਾਂ ਦੇ ਇਲਾਵਾ ਕਈ ਸਮਾਜ ਸੇਵੀਆਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ। ਅਜਿਹੇ ਅਪਾਹਿਜ਼ਾਂ ਵਿਚੋਂ ਮਾੜੀ ਮੋਟੀ ਦਿਮਾਗੀ ਸੌਝੀ ਰੱਖਣ ਵਾਲਿਆਂ ਨੇ ਜਿਥੇ ਆਪਣੇ ਪਰਿਵਾਰਕ ਮੈਂਬਰਾਂ, ਸਮਾਜ ਸੇਵੀਆਂ ਦੇ ਸਹਿਯੋਗ ਦੀ ਦਾਦ ਦਿੱਤੀ, ਉਥੇ ਕਈਆਂ ਨੇ ਸਰਕਾਰਾਂ ਨੂੰ ਵੀ ਉਲਾਂਭੇ ਦਿੱਤੇ ਕਿ ਪੈਨਸ਼ਨ ਦੇ ਰੂਪ ਵਿਚ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਵੀ ਉਨ੍ਹਾਂ ਤੱਕ ਲੰਘੇ ਡੰਗ ਹੀ ਅੱਪੜੀ। ਇਸੇ ਤਰ੍ਹਾਂ ਜ਼ਿੰਦਗੀ ਦਾ ਪੰਥ ਤਹਿ ਕਰਨ ਵਾਲੇ ਸੈਂਕੜੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਕੋਲ ਰੋਟੀ-ਰੋਜ਼ੀ ਦੇ ਜਗਾੜ ਦਾ ਭੋਰਾ ਭਰ ਵੀ ਪ੍ਰਬੰਧ ਨਹੀਂ ਅਤੇ ਉਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਦਾਨੀਆਂ ਵਲੋਂ ਦਿੱਤੀ ਜਾਣ ਵਾਲੀ ਮਦਦ ਨਾਲ ਹੀ ਕਰ ਰਹੇ ਹਨ। ਮੰਜੇ ਨਾਲ ਮੰਜਾ ਹੋÂੈ ਪਏ ਵੀ ਕਈ ਬਿਮਾਰ ਲੋਕਾਂ ਦਾ ਇਲਾਜ ਵੀ ਦਾਨੀ ਸੱਜਣ ਹੀ ਕਰਵਾ ਰਹੇ ਹਨ। ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਲੋਕਾਂ ਦੀ ਸੇਵਾ 'ਚ ਵੀ ਕਈ ਕਲੱਬਾਂ ਜੁਟੀਆਂ ਹੋਈਆਂ ਹਨ। ਖੂਨ ਦੀ ਲੋੜ ਦੀ ਪੂਰਤੀ ਲਈ ਵੀ ਖੂਨਦਾਨੀ ਸੱਜਣ ਅਤੇ ਸੰਸਥਾਵਾਂ ਅਹਿਮ ਭੂਮਿਕਾਵਾਂ ਅਦਾ ਕਰ ਰਹੇ ਹਨ। ਪ੍ਰੰਤੂ ਅਜਿਹੇ ਅਪਾਹਜ਼ ਲੋਕਾਂ ਨੇ ਆਖਿਆ ਹੈ ਕਿ ਜ਼ਿੰਦਗੀ ਦੇ ਅਜਿਹੇ ਦੁੱਖ ਡਾਹਢੇ ਭਾਰੇ ਹਨ ਭਾਵੇਂ ਉਹ ਸਭ ਪਾਸਿਓਂ ਹਾਰ ਗਏ ਹਨ ਫਿਰ ਵੀ ਉਨ੍ਹਾਂ ਨੂੰ ਹੌਂਸਲਾ ਦੇਣ ਲਈ ਦਾਨੀ ਲੋਕਾਂ ਦਾ ਵੱਡਾ ਸਹਾਰਾ ਹੈ ਜੋ ਉਨ੍ਹਾਂ ਦੇ ਦੁੱਖਾਂ ਨੂੰ ਘਟਾਉਣ ਲਈ ਕਾਰਗਰ ਸਾਬਤ ਹੋ ਰਹੇ ਹਨ।

ਇਹ ਵੀ ਪੜ੍ਹੋ :  ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਦੁਖੀ ਲੋਕਾਂ ਦਾ ਦਰਦ ਦਾਨੀਆਂ ਤੱਕ ਪਹੁੰਚਾ ਰਹੇ ਨੇ ਸਮਾਜ ਸੇਵੀ
ਵੱਖ-ਵੱਖ ਤਰ੍ਹਾਂ ਦੀਆਂ ਮਾਰਾਂ ਝੱਲ ਰਹੇ ਲੋਕਾਂ ਦਾ ਦਰਦ ਦਾਨੀਆਂ ਤੱਕ ਪੁੱਜਦਾ ਕਰਨ ਦੀ ਸੇਵਾ ਨਿਭਾਉਣ ਵਾਲੇ ਡਾ. ਕੇਵਲ ਖੋਟੇ ਪ੍ਰਧਾਨ ਆਰ. ਐੱਮ. ਪੀ. ਐਸੋ., ਸੋਨੀ ਕਾਲੇਕੇ, ਕੋਮਲ ਆਲਮਵਾਲਾ, ਰਮਨ ਅਰੋੜਾ ਹੁਰਾਂ ਨੇ ਦੱਸਿਆ ਕਿ ਜਿਥੇ ਉਹ ਵੀ ਨਾਮਾਤਰ ਦਾਨ ਦੇ ਰਹੇ ਹਨ, ਉਥੇ ਉਹ ਆਪਣੇ ਮਿੱਤਰਾਂ, ਸਨੇਹੀਆਂ ਅਤੇ ਰਿਸ਼ਤੇਦਾਰ ਜੋ ਕਿ ਦਾਨ ਵਾਲੀ ਵੱਡੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਤੱਕ ਵੀ ਲੋੜਵੰਦ ਲੋਕਾਂ ਦਾ ਦਰਦ ਪੁੱਜਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਘਾ ਪੁਰਾਣਾ ਕਸਬੇ ਦੇ ਕੈਨੇਡਾ ਵਿਚ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਰਹਿ ਰਹੇ ਬੰਟੀ ਕੈਨੇਡਾ, ਖੂਨਦਾਨ ਕਰਨ ਵਾਲੀ ਬਾਘਾ ਪੁਰਾਣਾ ਸ਼ਹਿਰ ਦੀ ਸੰਸਥਾ, ਹਾਂਗਕਾਂਗ ਵਿਖੇ ਗੁਰੂ ਨਾਨਕ ਟਰੱਸਟ ਦੇ ਬੈਨਰ ਹੇਠ ਕੰਮ ਕਰਦੀ ਸੰਸਥਾ ਤੱਕ ਲੋਕਾਂ ਦਾ ਸੁਨੇਹਾ ਪਹੁੰਚਾ ਚੁੱਕੇ ਹਨ ਅਤੇ ਕਈ ਯੋਗ ਲੋੜਵੰਦਾਂ ਦੀ ਮੱਦਦ ਵੀ ਉਕਤ ਸੰਸਥਾਵਾਂ ਅਤੇ ਦਾਨੀਆਂ ਵਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਫ਼ੈਕਟਰੀ 'ਚ ਕੰਮ ਕਰਕੇ ਵਾਪਸ ਆ ਰਹੇ ਪਤੀ-ਪਤਨੀ ਦੀ ਮੌਤ

ਸਰਕਾਰਾਂ ਵੀ ਫੜਨ ਅਪਾਹਜਾਂ ਅਤੇ ਲੋੜਵੰਦਾ ਦੀ ਬਾਂਹ
ਲੋਕਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਭਾਵੇਂ ਸਰਕਾਰ ਵਲੋਂ ਆਪਣੇ ਵਲੋਂ ਕਾਫੀ ਮਦਦ ਅਜਿਹੇ ਲੋਕਾਂ ਦੀ ਕੀਤੀ ਜਾ ਰਹੀ ਹੈ, ਪਰ ਫਿਰ ਵੀ ਕਈ ਲੋੜਵੰਦ ਅਤੇ ਖਾਸ ਕਰ ਕੇ ਅਪਾਹਜ ਵਿਅਕਤੀ ਸਰਕਾਰ ਦੀਆਂ ਅੱਖਾਂ ਤੋਂ ਓਹਲੇ ਹਨ ਜਿਨ੍ਹਾਂ ਨੂੰ ਸਰਕਾਰ ਦੀ ਸੁਵੱਲੀ ਨਜ਼ਰ ਦੀ ਕਾਫੀ ਅਤੇ ਤੁਰੰਤ ਜ਼ਰੂਰਤ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗੈਰ ਲੋੜਵੰਦ ਲੋਕ ਆਰਥਿਕ ਲਾਹੇ ਵਾਸਤੇ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ ਤਾਂ ਯੋਗ ਲੋੜਵੰਦਾਂ ਤੱਕ ਸਰਕਾਰ ਕਿਉਂ ਨਹੀਂ ਪਹੁੰਚ ਕਰਦੀ, ਜਿਨ੍ਹਾਂ ਦੀਆਂ ਅੱਖਾਂ ਅਤੇ ਹੱਥ ਹੁਣ ਤੱਕ ਤਰਸਦੇ ਆ ਰਹੇ ਹਨ। ਲੋਕਾਂ ਨੇ ਮੁੱਖ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਵੀ ਅਰਜੋਈ ਕੀਤੀ ਹੈ ਕਿ ਉਹ ਅਪਾਹਜ਼ ਲਾਭਪਾਤਰੀਆਂ ਦੀਆਂ ਰੁਕੀਆਂ ਹੋਈਆਂ ਫਾਈਲਾਂ ਨਾਲ ਸਬੰਧਤ ਹੇਠਲੇ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਕਰਨ ਤਾਂ ਜੋ ਦਫਤਰਾਂ ਦੇ ਚੱਕਰਾਂ ਤੋਂ ਅਪਾਹਜ਼ਾਂ ਨੂੰ ਰਾਹਤ ਮਿਲ ਸਕੇ।


Baljeet Kaur

Content Editor

Related News