ਇਜ਼ਰਾਈਲ ਨੂੰ ਛੱਡ ਕੋਈ ਹੋਰ ਦੇਸ਼ ਨਹੀਂ ਝੱਲ ਸਕਦਾ ਸੀ ਈਰਾਨ ਦੇ 185 ਡਰੋਨਾਂ ਤੇ 146 ਮਿਜ਼ਾਈਲਾਂ ਦੀ ਵਾਛੜ

Tuesday, Apr 16, 2024 - 02:21 AM (IST)

ਇਜ਼ਰਾਈਲ ਨੂੰ ਛੱਡ ਕੋਈ ਹੋਰ ਦੇਸ਼ ਨਹੀਂ ਝੱਲ ਸਕਦਾ ਸੀ ਈਰਾਨ ਦੇ 185 ਡਰੋਨਾਂ ਤੇ 146 ਮਿਜ਼ਾਈਲਾਂ ਦੀ ਵਾਛੜ

ਤੇਲ ਅਵੀਵ (ਏ. ਐੱਨ. ਆਈ.)– ਸੀਰੀਆ ’ਚ ਆਪਣੇ ਦੂਤਘਰ ’ਤੇ ਕੀਤੇ ਗਏ ਹਵਾਈ ਹਮਲੇ ਦਾ ਬਦਲਾ ਲੈਣ ਲਈ ਈਰਾਨ ਨੇ ਇਜ਼ਰਾਈਲ ’ਤੇ ਆਪਣੇ ਪਹਿਲੇ ਸਿੱਧੇ ਹਮਲੇ ’ਚ 300 ਤੋਂ ਵੱਧ ਡਰੋਨ ਤੇ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਪੱਛਮੀ ਏਸ਼ੀਆ ’ਚ ਤਣਾਅ ਹੋਰ ਵੱਧ ਗਿਆ। ਸ਼ਨੀਵਾਰ ਰਾਤ ਈਰਾਨ ਦੀ ‘ਮਿਜ਼ਾਈਲ ਵਾਛੜ’ ਦਾ ਇਜ਼ਰਾਈਲ ’ਤੇ ਜ਼ਿਆਦਾ ਅਸਰ ਨਹੀਂ ਪਿਆ। ਇਜ਼ਰਾਈਲ ਦੀ ਉੱਨਤ ਹਵਾਈ ਰੱਖਿਆ ਪ੍ਰਣਾਲੀ ਨੇ ਈਰਾਨੀ ਮਿਜ਼ਾਈਲਾਂ ਤੇ ਡਰੋਨਾਂ ਨੂੰ ਹਵਾ ’ਚ ਹੀ ਡੇਗ ਦਿੱਤਾ। ਈਰਾਨੀ ਫੌਜ ਦੇ ਇਹ ਦਾਅਵਾ ਕਰਨ ਦੇ ਬਾਵਜੂਦ ਕਿ ਉਸ ਦੇ ਹਮਲੇ ਨੇ ‘ਆਪਣੇ ਸਾਰੇ ਮਕਸਦ ਹਾਸਲ ਕਰ ਲਏ ਹਨ’, ਉਸ ਦੇ ਹਮਲੇ ਨਾਲ ਇਜ਼ਰਾਈਲ ਦੇ ਦੱਖਣ ’ਚ ਨੇਵਾਤਿਮ ਏਅਰ ਬੇਸ ਨੂੰ ਮਾਮੂਲੀ ਨੁਕਸਾਨ ਪੁੱਜਾ ਤੇ ਇਕ 7 ਸਾਲ ਦੀ ਬੱਚੀ ਮਿਜ਼ਾਈਲ ਦਾ ਟੁਕੜਾ ਲੱਗਣ ਨਾਲ ਜ਼ਖ਼ਮੀ ਹੋ ਗਈ।

ਹਮਲੇ ਦਾ ਮੁਲਾਂਕਣ ਕਰਨ ਤੋਂ ਬਾਅਦ ਇਜ਼ਰਾਈਲ ਨੇ ਕਿਹਾ ਕਿ ਈਰਾਨ ਨੇ ‘ਆਪ੍ਰੇਸ਼ਨ ਆਨੈਸਟ ਪ੍ਰਾਮਿਸ’ ’ਚ ਇਜ਼ਰਾਈਲ ’ਤੇ 185 ਡਰੋਨ, 110 ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀਆਂ 110 ਮਿਜ਼ਾਈਲਾਂ ਤੇ 36 ਕਰੂਜ਼ ਮਿਜ਼ਾਈਲਾਂ ਦਾਗੀਆਂ। ਜ਼ਿਆਦਾਤਰ ਹਥਿਆਰ ਈਰਾਨ ਤੋਂ ਤੇ ਕੁਝ ਇਰਾਕ ਤੇ ਯਮਨ ਤੋਂ ਲਾਂਚ ਕੀਤੇ ਗਏ।

ਸੋਸ਼ਲ ਮੀਡੀਆ ਰਿਪੋਰਟਾਂ ’ਚ ਰਾਡਾਰ ਦੀ ਪਕੜ ਤੋਂ ਬਚਣ ਲਈ ਪੂਰੇ ਈਰਾਨ ’ਚ ਅਸਧਾਰਨ ਤੌਰ ’ਤੇ ਨੀਵੇਂ ਉੱਡਦੇ ਹੋਏ ‘ਸ਼ਹੀਦ’ ਡਰੋਨਾਂ ਦੇ ਫੁਟੇਜ ਦਿਖਾਏ ਗਏ, ਜਦੋਂ ਉਹ ਇਜ਼ਰਾਈਲ ’ਚ ਦਾਖ਼ਲ ਹੋ ਰਹੇ ਸਨ, ਇਨ੍ਹਾਂ ’ਤੇ ਈਰਾਨ ਦੀ ਇਹ ਚਾਲ ਕੰਮ ਨਾ ਆਈ। ਇਜ਼ਰਾਈਲ ਰੱਖਿਆ ਬਲ (ਆਈ. ਡੀ. ਐੱਫ.) ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਗਾਰੀ ਦੇ ਮੁਤਾਬਕ 99 ਫ਼ੀਸਦੀ ਡਰੋਨਾਂ ਤੇ ਮਿਜ਼ਾਈਲਾਂ ਨੂੰ ਹਵਾ ’ਚ ਹੀ ਨਸ਼ਟ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਭਿਆਨਕ ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਮਹੀਨਾ ਪਹਿਲਾਂ ਹੀ ਲੱਗਾ ਸੀ ਵੀਜ਼ਾ

ਅਮਰੀਕਾ ਦੇ ਮੈਗਜ਼ੀਨ ‘ਪੋਲਿਟਿਕੋ’ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਹੋਰ ਦੇਸ਼ ਇਸ ਤਰ੍ਹਾਂ ਦੇ ਹਮਲੇ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੁੰਦਾ। ਇਕ ਉਦਾਹਰਣ ਦਿੰਦਿਆਂ ਮੈਗਜ਼ੀਨ ਨੇ ਕਿਹਾ ਕਿ ਅਮਰੀਕਾ ਦੀਆਂ ਪੈਟ੍ਰੀਅਟ ਮਿਜ਼ਾਈਲਾਂ ਨਾਲ ਲੈਸ ਯੂਕ੍ਰੇਨ ਆਪਣੇ ਊਰਜਾ ਢਾਂਚੇ ਨੂੰ ਰੂਸ ਦੀਆਂ ਬਹੁਤ ਛੋਟੀਆਂ ਮਿਜ਼ਾਈਲਾਂ ਤੇ ਡਰੋਨਾਂ ਤੋਂ ਬਚਾਉਣ ’ਚ ਅਸਮਰੱਥ ਹੈ।

ਦੇਸ਼ ਦੇ ਮਿਜ਼ਾਈਲ-ਰੋਕੂ ਪ੍ਰੋਗਰਾਮ ਦੀ ਕਮਾਨ ਭਾਰਤੀ ਮੂਲ ਦੇ ਮੂਸਾ ਪਟੇਲ ਦੇ ਹੱਥਾਂ ’ਚ
ਈਰਾਨੀ ਹਮਲਿਆਂ ਨੂੰ ਪੂਰੀ ਤਰ੍ਹਾਂ ਅਸਫ਼ਲ ਬਣਾਉਣ ਵਾਲੇ ਇਜ਼ਰਾਈਲ ਦੇ ਮਿਜ਼ਾਈਲ-ਰੋਕੂ ਰੱਖਿਆ ‘ਸਟਾਰ ਵਾਰਜ਼’ ਪ੍ਰੋਗਰਾਮ ਦੇ ਪਿੱਛੇ ਇਕ ਭਾਰਤਵੰਸ਼ੀ ਹਨ। ਇਜ਼ਰਾਈਲ ਰੱਖਿਅਾ ਸੰਗਠਨ ਦੇ ਨਿਰਦੇਸ਼ਕ ਮੋਸ਼ੇ ਪਟੇਲ ਨੇ ਕਿਹਾ ਕਿ ਦੇਸ਼ ਦੇ ‘ਸਟਾਰ ਵਾਰਜ਼’ ਪ੍ਰੋਗਰਾਮ ’ਚ ਲਗਭਗ 40 ਸਾਲਾਂ ਦੇ ਨਿਵੇਸ਼ ਦਾ ਸ਼ਨੀਵਾਰ ਰਾਤ ਨੂੰ ਫ਼ਾਇਦਾ ਹੋਇਆ। ਉਨ੍ਹਾਂ ਦੱਸਿਆ ਕਿ ਸਾਰੀਆਂ ਰੱਖਿਆ ਪ੍ਰਣਾਲੀਆਂ ਨੇ ਆਪਣੀ ਭਰੋਸੇਯੋਗਤਾ ਸਾਬਿਤ ਕਰ ਦਿੱਤੀ ਹੈ। ਇਜ਼ਰਾਈਲ ਦੀ ‘ਅੈਰੋ ਪ੍ਰਣਾਲੀ’ ਦੇਸ਼ ਦੇ ਚੋਟੀ ਦੀਆਂ ਹਵਾਈ-ਰੱਖਿਆ ਪ੍ਰਣਾਲੀਆਂ ’ਚੋਂ ਇਕ ਹੈ, ਜਿਸ ’ਚ ‘ਡੇਵਿਡ ਸਲਿੰਗ’ ਵੀ ਸ਼ਾਮਲ ਹੈ, ਜੋ ਇਕ ਮੱਧਮ ਦੂਰੀ ਦੀ ਮਿਜ਼ਾਈਲ ਵਿਰੋਧੀ ਪ੍ਰਣਾਲੀ ਹੈ। ਇਸ ਤੋਂ ਇਲਾਵਾ ‘ਆਇਰਨ ਡੋਮ’ ਮੋਹਰਲੀ ਲਾਈਨ ’ਚ ਹੈ ਤੇ ਇਸ ਨੂੰ ਘੱਟ ਦੂਰੀ ਦੀਆਂ ਮਿਜ਼ਾਈਲਾਂ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ। ‘ਡੇਵਿਡ ਸਿਲੰਗ’ ਨੂੰ ਪਹਿਲੀ ਵਾਰ ਮਈ 2023 ’ਚ ਗਾਜ਼ਾ-ਆਧਾਰਿਤ ਹਮਾਸ ਦੇ ਅੱਤਵਾਦੀਆਂ ਨਾਲ ਸਰਹੱਦ ਪਾਰ ਦੀ ਲੜਾਈ ’ਚ ਸਫ਼ਲਤਾਪੂਰਵਕ ਵਰਤਿਆ ਗਿਆ ਸੀ।

ਮਿਜ਼ਾਈਲ ਹਮਲੇ ਰੋਕਣ ਦੇ ਪਿੱਛੇ ਹੈ 15 ਸਾਲਾਂ ਦੀ ਤਿਆਰੀ
ਸਿਅਾਸੀ-ਫੌਜੀ ਮਾਮਲਿਆਂ ਦੇ ਸਾਬਕਾ ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਆਰ. ਕਲਾਰਕ ਕੂਪਰ ਦੇ ਅਨੁਸਾਰ ਪਿਛਲੇ 15 ਸਾਲਾਂ ’ਚ ਇਜ਼ਰਾਈਲ ਨੇ 13 ਅਪ੍ਰੈਲ ਵਰਗੇ ਹਮਲਿਆਂ ਦੀ ਤਿਆਰੀ ’ਚ ਆਪਣੀ ਹਵਾਈ ਰੱਖਿਆ ਨੂੰ ਮਹੱਤਵਪੂਰਨ ਤੌਰ ’ਤੇ ਅਪਗ੍ਰੇਡ ਕੀਤਾ ਹੈ, ਜਿਸ ’ਚ 2,400 ਕਿਲੋਮੀਟਰ ਦੀ ਦੂਰੀ ਤੋਂ ਦਾਗੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਲਈ ਨਵੇਂ ਸਿਸਟਮ ਸ਼ਾਮਲ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News