'ਬਾਦਲ ਤੇ ਕੈਪਟਨ ਪੰਜਾਬ ਅੰਦਰ ਤੀਜਾ ਫਰੰਟ ਉਸਾਰਨ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨ ਉੱਤੇ ਤੁਲੇ'

06/19/2020 11:37:22 PM

ਸੰਗਰੂਰ,(ਵਿਜੈ ਸਿੰਗਲਾ) - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਅੰਦਰ ਤੀਜਾ ਫਰੰਟ ਉਸਾਰਨ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨ ਉੱਤੇ ਤੁਲੇ ਹੋਏ ਹਨ। ਅਕਾਲੀ ਦਲ (ਬਾਦਲ)  ਕੇਂਦਰ ਦੇ ਦਬਾਅ ਹੇਠ ਤੇ ਕੈਪਟਨ ਅਮਰਿੰਦਰ ਦੀ ਸਲਾਹ ਨਾਲ ਫੈਸਲੇ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ‘ਹਿੱਸੇਦਾਰੀ’ ਦੀ ਰਾਜਨੀਤੀ ਪੰਜਾਬੀਆਂ ਨੂੰ ਉੱਕਾ ਹੀ ਪਰਵਾਨ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਿੱਸੇਦਾਰੀ ਦੀ ਰਾਜਨੀਤੀ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਲੋਕਾਂ ਦਾ ਧਿਆਨ ਅਹਿਮ ਮੁੱਦਿਆਂ ਤੋਂ ਹਟਾਕੇ ਉਤਰ ਕਾਟੋ ਮੈਂ ਵਾਲੀ ਰਾਜਨੀਤੀ ਕਰ ਰਹੀਆਂ ਹਨ। 
ਢੀਂਡਸਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਕਰਕੇ ਹੀ ਪੂਰੇ ਪੰਜਾਬ ਅੰਦਰ ਪ੍ਰਸਾਸ਼ਨ ਨੇ ਕੋਰੋਨਾ ਮਹਾਮਾਰੀ ਦੀ ਮੁੱਢਲੀ ਸੁਰੱਖਿਆ ਲਈ ਬਣੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਕਾਲੀ ਦਲ (ਬਾਦਲ) ਨੂੰ ਇਕੱਠ ਕਰਨ ਦੀ ਖੁੱਲੀ ਛੁੱਟੀ ਦੇ ਦਿੱਤੀ ਜਦ ਕਿ ਸੁਖਦੇਵ ਸਿੰਘ ਢੀਂਡਸਾ ਦੇ ‘ਬਾਦਲ ਛੱਡੋ’ ਮੁਹਿੰਮ ਵਿੱਚ ਪੰਜਾਹ ਤੋਂ ਵੱਧ ਆਗੂਆਂ ਸਮਰਥਕਾਂ ਦੇ ਸ਼ਾਮਲ ਹੋਣ ਉੱਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਇਸ ਕਰਕੇ ਬਹੁਤ ਸਾਰੇ ਆਗੂਆਂ ਨਾਲ ਵੀਡੀਓ ਕਾਨਫਰੰਸ ਜਰੀਏ ਗੱਲਬਾਤਾਂ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਪੰਜਾਹ ਬੰਦੇ ਹੀ ਇਕੱਠੇ ਹੋਣ ਦੇ ਨਿਯਮ ਕਰਕੇ ਮੈਨੂੰ ਵੀ ਲੋਕਾਂ ਦੇ ਭਖਦੇ ਮਸਲਿਆਂ ਬਾਰੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮਾਨਸਾ ਦੇ ਡੀ. ਸੀ. ਰਾਹੀਂ ਭੇਜੇ ਮੰਗ ਪੱਤਰਾਂ ਮੌਕੇ ਸੈਂਕੜੇ ਵਰਕਰਾਂ ਨੂੰ ਫੋਨ ’ਤੇ ਵੀਡੀਓ ਕਾਨਫਰੰਸ ਜਰੀਏ ਹੌਸਲਾ ਅਫ਼ਜਾਈ ਕਰਨੀ ਪਈ । 
ਸਿਤਮ ਦੀ ਗੱਲ ਹੈ ਕਿ ਅਕਾਲੀ ਦਲ ਬਾਦਲ ਸਮਰਥਕਾਂ ਨੂੰ ਇਕੱਠ ਕਰਕੇ ਨਿਯਮਾਂ ਨੂੰ ਛਿੱਕੇ ਟੰਗਣ ਦੀ ਇਜ਼ਾਜਤ ਕਿਵੇਂ ਮਿਲ ਗਈ। ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਮੋਗਾ, ਗੁਰਾਇਆ ਤੇ 
ਮੁਕਤਸਰ ਜਾਣ ਤੋਂ ਪਹਿਲਾਂ ਬਹੁਤ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਦੇ ਫੋਨ ਵੀ ਆਏ ਪਰ ਪ੍ਰਸ਼ਾਸਨ ਦੀਆਂ ਕੇਸ ਦਰਜ ਕਰਨ ਦੀਆਂ ਸਬੰਧਤ ਆਗੂਆਂ ਨੂੰ ਮਿਲੀਆਂ ਧਮਕੀਆਂ ਕਰਕੇ ਸਾਰੇ ਸਮਰਥਕਾਂ ਨੂੰ ਆਉਣ ਦੀ ਥਾਂ ਸੂਚਨਾ ਸਾਧਨਾਂ ਗੱਲਬਾਤ ਕਰਨ ਵਾਸਤੇ ਰੋਕਣਾ ਪਿਆ। ਬਹੁਤ ਸਾਰੀਆਂ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਲਈ ਕਿਹਾ ਤੇ ਯਕੀਨ ਦਿਵਾਇਆ ਕਿ ਬਾਦਲਾਂ ਨੂੰ ਛੱਡਣ ਲਈ ਉਤਾਵਲੇ ਹਨ ਤੇ ਨਵਾਂ ਅਕਾਲੀ ਦਲ ਬਣਨ ਦੇ ਐਲਾਨ ਨੂੰ ਉਡੀਕ ਰਹੇ ਹਨ। 

ਢੀਂਡਸਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਕਿਸਾਨ ਗੰਭੀਰ ਸੰਕਟ ਵਿੱਚੋਂ ਲੰਘ ਰਹੇ ਹਨ ।ਖੇਤੀ ਮੰਡੀਕਰਨ ਉੱਪਰ ਖਤਰਾ ਮੰਡਰਾ ਰਿਹਾ ਹੈ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਖਾਤਰ ਜ਼ਬਰਦਸਤ ਤੇ ਲੰਮੇਰਾ ਸੰਘਰਸ਼ ਲੜਨ ਦਾ ਵੇਲਾ ਹੈ। ਸਿਤਮ ਦੀ ਗੱਲ ਹੈ ਕਿ ਜਬਰ ਜੁਲਮ ਤੇ ਕਿਸਾਨਾਂ ਦੇ ਹਿੱਤਾਂ ਲਈ ਡੱਟਵੀਂ ਲੜਾਈ ਲੜਨ ਵਾਲੀ ਜਥੇਬੰਦੀ ਦੀ ਅਗਵਾਈ ਕਰਨ ਵਾਲਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਕਿਸਾਨਾਂ ਦੇ ਸੰਕਟ ਨੂੰ ਤਰਜੀਹ ਦੇਣ ਦੀ ਥਾਂ ਆਪਣੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਨੂੰ ਬਚਾਉਣ ਲਈ ਵਧੇਰੇ ਗੰਭੀਰ ਹੈ। ਇਸ ਕਰਕੇ ਬਾਦਲ ਦਲ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਰਾਹ ਤੁਰ ਪਿਆ ਹੈ। ਢੀਂਡਸਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਪਰ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਿੱਖ ਵਿਰੋਧੀ ਸੋਚ ਜੱਗ ਜ਼ਾਹਿਰ ਹੋ ਗਈ ਹੈ।ਉਹਨਾਂ ਉੱਤਰ ਪ੍ਦੇਸ਼ ਦੇ ਬਿਜਨੌਰ, ਲਖੀਮਪੁਰ, ਰਾਮਪੁਰ, ਨਾਨਕਮੱਤਾ ਤੇ ਹੋਰ ਥਾਂਵਾਂ ਉੱਤੇ ਸਿੱਖਾਂ ਨੂੰ ਤੰਗ ਪਰੇਸ਼ਾਨ ਤੇ ਉਜਾੜਨ ਦੀ ਕਾਰਵਾਈਆਂ ਦੀ ਤਿੱਖੀ ਅਲੋਚਨਾ ਕਰਦਿਆਂ ਉਥੋਂ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿੱਖਾਂ ਤੇ ਪੰਜਾਬੀ ਕਿਸਾਨਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤੇ ਹੋ ਰਹੀ ਦੁਰਦਸ਼ਾ ਵੱਲ ਤੁਰੰਤ ਧਿਆਨ ਦਿੱਤਾ ਜਾਵੇ। 


Deepak Kumar

Content Editor

Related News