ਵੀ.ਆਈ.ਪੀ. ਦੀ ਮੌਜੂਦਗੀ ਵੀ ਗੈਂਗਸਟਰਾਂ ਨੂੰ ਨਹੀਂ ਰੋਕ ਸਕੀ, ਅਸ਼ਵਨੀ ਸ਼ਰਮਾ ਨੇ ਕਾਨੂੰਨ ਵਿਵਸਥਾ ''ਤੇ ਉਠਾਏ ਸਵਾਲ

Tuesday, Nov 18, 2025 - 07:42 PM (IST)

ਵੀ.ਆਈ.ਪੀ. ਦੀ ਮੌਜੂਦਗੀ ਵੀ ਗੈਂਗਸਟਰਾਂ ਨੂੰ ਨਹੀਂ ਰੋਕ ਸਕੀ, ਅਸ਼ਵਨੀ ਸ਼ਰਮਾ ਨੇ ਕਾਨੂੰਨ ਵਿਵਸਥਾ ''ਤੇ ਉਠਾਏ ਸਵਾਲ

ਚੰਡੀਗੜ੍ਹ– ਅੰਮ੍ਰਿਤਸਰ ਵਿੱਚ ਅੱਜ ਕਾਨੂੰਨ ਵਿਵਸਥਾ ਦੀ ਸਥਿਤੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਜਦੋਂ ਰਾਜਪਾਲ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਹਿਰ ਵਿੱਚ ਮੌਜੂਦਗੀ ਦੌਰਾਨ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਵਾਪਰੀਆਂ। ਭਾਰੀ ਪੁਲਸ ਤਾਇਨਾਤੀ ਅਤੇ ਉੱਚ ਸੁਰੱਖਿਆ ਵਾਲੀ ਮੌਜੂਦਗੀ ਵੀ ਗੈਂਗਸਟਰਾਂ ਨੂੰ ਰੋਕਣ ਵਿੱਚ ਅਸਫਲ ਰਹੀ।

ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਮਾਨ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਮੰਤਰੀਆਂ ਅਤੇ ਉੱਚ-ਦਰਜੇ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਸਥਿਤੀ ਹੈ ਤਾਂ ਬਾਕੀ ਸੂਬੇ ਵਿੱਚ ਆਮ ਲੋਕਾਂ ਲਈ ਸੁਰੱਖਿਆ ਸਥਿਤੀ ਦੀ ਕਲਪਨਾ ਕਰਨਾ ਔਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗੈਂਗਸਟਰਾਂ ਦਾ ਮਨੋਬਲ ਬਹੁਤ ਉੱਚਾ ਹੈ ਅਤੇ ਸਰਕਾਰ ਸਿਰਫ ਦਿਖਾਵੇ ਦੇ ਸਮਾਗਮਾਂ ਦਾ ਆਯੋਜਨ ਕਰਨ ਵਿੱਚ ਦਿਲਚਸਪੀ ਰੱਖਦੀ ਹੈ।

ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਝੂਠੇ ਦਾਅਵਿਆਂ ਅਤੇ ਕਾਗਜ਼ੀ ਕਾਰਵਾਈਆਂ ਦੀ ਨਹੀਂ, ਸਗੋਂ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਤੁਰੰਤ ਸਖ਼ਤ ਕਦਮ ਚੁੱਕੇ।


author

Rakesh

Content Editor

Related News