ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਫਸਲ ਦਾ ਟੀਚਾ ਰਿਹਾ ਅਧੂਰਾ, ਕੌਮੀ ਪੱਧਰ ''ਤੇ ਵੀ ਪਿਆ ਅਸਰ
Tuesday, Dec 02, 2025 - 02:02 PM (IST)
ਚੰਡੀਗੜ੍ਹ-ਪੰਜਾਬ 'ਚ ਇਸ ਵਾਰ ਹੜ੍ਹਾਂ ਅਤੇ ਲਗਾਤਾਰ ਬਾਰਿਸ਼ਾਂ ਨੇ ਝੋਨੇ ਦੀ ਫਸਲ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ। ਜਿਸ ਕਾਰਨ ਪੰਜਾਬ 'ਚ ਝੋਨੇ ਦੀ ਨਿਰਧਾਰਿਤ ਟੀਚੇ ਤੋਂ 24 ਲੱਖ ਮੀਟ੍ਰਿਕ ਟਨ ਘੱਟ ਪੈਦਾਵਰ ਹੋਈ। ਸੂਬਾ ਸਰਕਾਰ ਨੇ ਝੋਨੇ ਦੀ ਫਸਲ ਦੀ ਪੈਦਾਵਰ ਦਾ 180 ਲੱਖ ਟਨ ਮੀਟ੍ਰਿਕ ਟਨ ਦਾ ਟੀਚਾ ਤੈਅ ਕੀਤਾ ਸੀ ਪਰ ਮੰਡੀਆਂ 'ਚ 156 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ। ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਝੋਨੇ ਦੀ ਫਸਲ ਦਾ ਸੀਜ਼ਨ ਪੂਰਾ ਹੋਣ ਦੌਰਾਨ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਹੜ੍ਹਾਂ ਅਤੇ ਬਾਰਿਸ਼ਾਂ ਦੀ ਮਾਰ ਕਰਕੇ ਕੇਂਦਰੀ ਪੂਲ 'ਚ ਵੀ ਝੋਨੇ ਦੀ ਫਸਲ ਦਾ ਟੀਚਾ ਅਧੂਰਾ ਰਹਿ ਗਿਆ। ਦੱਸਣਯੋਗ ਹੈ ਕਿ ਹੜ੍ਹਾਂ ਦੀ ਮਾਰ ਕਰਕੇ ਇਸ ਵਾਰ ਪੰਜ ਲੱਖ ਏਕੜ ਇਲਾਕੇ ਦੀ ਫਸਲ ਤਬਾਹ ਹੋ ਗਈ ਸੀ ਜਿਸ ਨਾਲ ਸੂਬੇ ਦੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ। ਫੂਡ ਸਪਲਾਈ ਵਿਭਾਗ ਦੇ ਅਨੁਸਾਰ 2024 'ਚ ਵੀ ਝੋਨੇ ਦੀ ਪੈਦਾਵਰ ਕਾਫੀ ਘੱਟ ਹੋਈ ਸੀ ਅਤੇ ਇਸਦੇ ਬਾਵਜੂਦ 175 ਮੀਟ੍ਰਿਕ ਟਨ ਦੀ ਖਰੀਦ ਹੋਈ ਸੀ। ਵਿਭਾਗ ਅਨੁਸਾਰ 30 ਨਵੰਬਰ ਨੂੰ ਝੋਨੇ ਦੀ ਖਰੀਦ ਦੇ ਸੀਜ਼ਨ ਦਾ ਅੰਤਿਮ ਦਿਨ ਸੀ। ਇਸ ਦਿਨ ਤੱਕ 156 ਮੀਟ੍ਰਿਕ ਟਨ ਫਸਲ ਮੰਡੀਆਂ 'ਚ ਪਹੁੰਚੀ ਅਤੇ 11 ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ 'ਚ 37,288 ਕਰੋੜ ਰੁਪਏ ਪਾਏ ਗਏ। ਇਸ ਤੋਂ ਇਲਾਵਾ ਨਿੱਜੀ ਏਜੰਸੀਆਂ ਨੇ 17,773 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ।
ਝੋਨੇ ਦੀ ਜਲਦੀ ਬਿਜਾਈ ਬਣੀ ਖਰੀਦ ਦੀ ਦੇਰੀ ਦਾ ਕਾਰਨ
ਪੰਜਾਬ 'ਚ ਝੋਨੇ ਦੀ ਬਿਜਾਈ 1 ਜੂਨ ਨੂੰ ਸ਼ੁਰੂ ਹੋਈ ਸੀ। ਦੂਜੇ ਪਾਸੇ ਲਗਾਤਾਰ ਹੋਈਆਂ ਬਾਰਿਸ਼ਾਂ ਕਾਰਨ ਝੋਨੇ ਦੀ ਖਰੀਦ ਦੇਰ ਨਾਲ ਸ਼ੁਰੂ ਹੋਈ। 1 ਸਤੰਬਰ ਤੋਂ ਫਸਲ ਦੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ ਸੀ,ਪਰ ਫਸਲ 'ਚ ਨਮੀ ਹੋਣ ਕਰਕੇ ਕਿਸਾਨਾਂ ਨੂੰ ਫਸਲ ਵੇਚਣ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਵਾਰ ਮੰਡੀਆਂ 'ਚ 156 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਦੀ ਖਰੀਦ ਹੋਈ। ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ ਅਤੇ ਝੋਨੇ ਦੀ ਅਦਾਇਗੀ ਵੀ ਨਾਲੋ-ਨਾਲ ਕੀਤੀ ਗਈ।
ਝੋਨੇ ਦੀ ਘੱਟ ਖਰੀਦ ਦਾ ਕੌਮੀ ਪੱਧਰ 'ਤੇ ਪਿਆ ਅਸਰ
ਝੋਨੇ ਦੀ ਘੱਟ ਖਰੀਦ ਦਾ ਕੌਮੀ ਪੱਧਰ 'ਤੇ ਵੀ ਅਸਰ ਪੈ ਸਕਦਾ ਹੈ। ਕੇਂਦਰ ਸਰਕਾਰ ਨੇ ਪੰਜਾਬ ਤੋਂ ਕੇਂਦਰੀ ਪੂਲ 'ਚ 173 ਲੱਖ ਮੀਟ੍ਰਿਕ ਟਨ ਝੋਨੇ ਦੀ ਮੰਗ ਕੀਤੀ ਸੀ। ਹਾਲਾਂਕਿ ਝੋਨੇ ਦੀ ਘੱਟ ਪੈਦਾਵਰ ਹੋਣ ਕਾਰਨ ਚੌਲਾਂ ਦਾ ਨਿਰਯਾਤ ਵੀ ਪ੍ਰਭਾਵਿਤ ਹੋਣ ਦੇ ਆਸਾਰ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਕੋਲ ਪਹਿਲਾਂ ਤੋਂ ਹੀ ਚੌਲਾਂ ਦੇ ਭੰਡਾਰ ਹਨ। ਸਾਲ 2020 'ਚ 162 ਮੀਟ੍ਰਿਕ ਟਨ, 2021 'ਚ 187 ਮੀਟ੍ਰਿਕ ਟਨ, 2022 'ਚ 183 ਮੀਟ੍ਰਿਕ ਟਨ, 2023 'ਚ 188 ਮੀਟ੍ਰਿਕ ਟਨ ਤੇ 2024 'ਚ 175 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ।
