ਪੰਜਾਬ ਰਾਜ ਰਾਈਫਲ-ਪਿਸਟਲ ਚੈਂਪੀਅਨਸ਼ਿਪ 'ਚ ਫੱਗੂਵਾਲਾ ਦੇ ਅਨੰਤਵੀਰ ਦਾ ਕਮਾਲ, ਜਿੱਤੇ GOLD ਤੇ SILVER ਮੈਡਲ
Tuesday, Jul 14, 2026 - 05:31 PM (IST)
ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਫੱਗੂਵਾਲਾ ਦੇ ਹੋਣਹਾਰ ਨਿਸ਼ਾਨੇਬਾਜ਼ ਅਨੰਤਵੀਰ ਸਿੰਘ ਨੇ ਮੋਹਾਲੀ ਵਿਖੇ ਕਰਵਾਈ ਗਈ 61ਵੀਂ ਪੰਜਾਬ ਰਾਜ ਰਾਈਫਲ ਅਤੇ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਵਰਗ ਵਿੱਚ ਸੋਨ ਤਗਮਾ ਅਤੇ ਸੀਨੀਅਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਉਸ ਨੇ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਸਾਬਕਾ ਸਰਪੰਚ ਅਰਵਿੰਦਰ ਕੌਰ ਅਤੇ ਗੁਰਦੀਪ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਅਨੰਤਵੀਰ ਸਿੰਘ ਨੇ ਕੋਚ ਸ਼ਿਵਮ ਕਾਕੜੀਆ ਅਤੇ ਜੈਸਮੀਨ ਕੌਰ ਦੀ ਅਗਵਾਈ ਹੇਠ ਸਖ਼ਤ ਮਿਹਨਤ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 21 ਸਾਲ ਤੱਕ ਦੇ ਜੂਨੀਅਰ ਵਰਗ ਦੀ ਰਾਈਫਲ ਸ਼ੂਟਿੰਗ ਵਿੱਚ ਅਨੰਤਵੀਰ ਨੇ ਪੰਜਾਬ ਭਰ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਆਪਣੇ ਨਾਮ ਕੀਤਾ, ਜਦਕਿ 21 ਤੋਂ 60 ਸਾਲ ਦੇ ਸੀਨੀਅਰ ਵਰਗ ਵਿਚ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ।
ਉਨ੍ਹਾਂ ਕਿਹਾ ਕਿ ਅਨੰਤਵੀਰ ਸਿੰਘ ਦੀ ਇਸ ਸਫਲਤਾ ਨਾਲ ਉਸ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਪ੍ਰਾਪਤੀ ਨਾਲ ਪਿੰਡ ਫੱਗੂਵਾਲਾ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਅਨੰਤਵੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
