4 ਜੁਲਾਈ ਦੀ ਚੰਡੀਗੜ੍ਹ ਰੈਲੀ ਲਈ ਬੀ.ਕੇ.ਯੂ. ਉਗਰਾਹਾਂ ਦਾ ਵਿਸ਼ਾਲ ਝੰਡਾ ਮਾਰਚ
Monday, Jun 29, 2026 - 05:39 PM (IST)
ਮਹਿਲ ਕਲਾਂ (ਹਮੀਦੀ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਅਨਾਜ ਮੰਡੀ ਮਹਿਲ ਕਲਾਂ ਤੋਂ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਸੂਬਾ ਪੱਧਰੀ ਵਿਸ਼ਾਲ ਕਿਸਾਨ ਰੈਲੀ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵਿਸ਼ਾਲ ਝੰਡਾ ਮਾਰਚ ਕੱਢਿਆ ਗਿਆ। ਵੱਡੇ ਕਾਫ਼ਲੇ ਦੇ ਰੂਪ ਵਿੱਚ ਨਿਕਲਿਆ ਇਹ ਝੰਡਾ ਮਾਰਚ ਕਸੋਆ, ਮਹਿਲ ਕਲਾਂ, ਪੰਡੋਰੀ, ਕੁਰੜ, ਮਾਂਗੇਵਾਲ, ਠੁੱਲੀਵਾਲ, ਗੁੰਮਟੀ, ਗੁਰਮ, ਹਮੀਦੀ, ਨੰਗਲ, ਸੰਘੇੜਾ, ਵਜੀਦਕੇ ਕਲਾਂ, ਚੌਹਾਣਕੇ ਕਲਾਂ, ਗਹਿਲ, ਨਰਾਇਣਗੜ੍ਹ, ਸੋਹੀਆਂ, ਦੀਵਾਨਾ, ਸੱਦੋਵਾਲ ਸਮੇਤ ਵੱਖ-ਵੱਖ ਪਿੰਡਾਂ ਵਿੱਚੋਂ ਲੰਘਿਆ। ਝੰਡਾ ਮਾਰਚ ਦੌਰਾਨ ਆਗੂਆਂ ਨੇ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਵਹੀਰਾਂ ਘੱਤ ਕੇ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵੱਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਜ਼ਿਲ੍ਹਾ ਆਗੂ ਸਤਨਾਮ ਸਿੰਘ ਦੀਵਾਨਾ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ, ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖ਼ਜ਼ਾਨਚੀ ਮਾਨ ਸਿੰਘ ਗੁਰਮ, ਬਲਾਕ ਆਗੂ ਕੁਲਦੀਪ ਸਿੰਘ ਚੌਹਾਣਕੇ ਅਤੇ ਜ਼ਿਲ੍ਹਾ ਔਰਤ ਆਗੂ ਕਮਲਜੀਤ ਕੌਰ ਬਰਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਰਮਾਏਦਾਰ ਪੱਖੀ ਨੀਤੀਆਂ ਅਤੇ ਕਾਨੂੰਨਾਂ ਨੂੰ ਰਾਜ ਸਰਕਾਰਾਂ ਰਾਹੀਂ ਲਾਗੂ ਕਰਵਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਲੰਮੇ ਸੰਘਰਸ਼ ਸਦਕਾ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਗਏ ਸਨ, ਪਰ ਹੁਣ ਮੁੜ ਉਸੇ ਤਰ੍ਹਾਂ ਦੀਆਂ ਨੀਤੀਆਂ ਵੱਖ-ਵੱਖ ਰੂਪਾਂ ਵਿੱਚ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਆਗੂਆਂ ਨੇ ਦੋਸ਼ ਲਾਇਆ ਕਿ ਭਾਰਤ-ਅਮਰੀਕਾ ਵਪਾਰਕ ਸਮਝੌਤਿਆਂ ਅਤੇ ਖੇਤੀ ਨਾਲ ਜੁੜੇ ਨਵੇਂ ਫ਼ੈਸਲਿਆਂ ਨਾਲ ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਖੇਤੀ ਪ੍ਰਣਾਲੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਖੇਤੀ ਅਤੇ ਪਿੰਡਾਂ ਦੀ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਵੇਗਾ।
ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ-ਅਮਰੀਕਾ ਸਮਝੌਤਾ ਰੱਦ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕੀਤੀ ਜਾਵੇ, ਸਾਰੀਆਂ ਫ਼ਸਲਾਂ 'ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, 58 ਸਾਲ ਤੋਂ ਉੱਪਰ ਦੇ ਲਾਭਪਾਤਰੀਆਂ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਮਹੀਨਾਵਾਰ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਬਿਜਲੀ ਸੋਧ ਐਕਟ-2020 ਰੱਦ ਕੀਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਮਜ਼ਬੂਤ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਨਾਜਰ ਸਿੰਘ ਧਾਲੀਵਾਲ, ਇਕਾਈ ਪ੍ਰਧਾਨ ਮੇਵਾ ਸਿੰਘ ਭੱਟੀ ਠੁੱਲੀਵਾਲ, ਸੁਖਵਿੰਦਰ ਸਿੰਘ ਕਾਲਾ, ਸੁਖਦੇਵ ਸਿੰਘ ਮਹਿਲ ਕਲਾਂ, ਹਰਪਾਲ ਸਿੰਘ ਪਾਲੀ, ਭਜਨ ਸਿੰਘ ਦਿਓਲ ਹਮੀਦੀ, ਜੋਗਿੰਦਰ ਸਿੰਘ ਗਹਿਲ, ਕੁਲਦੀਪ ਬਾਵਾ, ਮੇਜਰ ਸਿੰਘ ਗੁਰਮ, ਔਰਤ ਆਗੂ ਸੁਖਵਿੰਦਰ ਕੌਰ, ਨਸੀਬ ਕੌਰ, ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਜਥੇਬੰਦੀ ਦੇ ਵਰਕਰ ਹਾਜ਼ਰ ਸਨ।
