ਪ੍ਰਸ਼ਾਸਨ ਨੇ ਤਿੰਨ ਦਹਾਕਿਆਂ ਤੋਂ ਨਾਜਾਇਜ਼ ਕਬਜ਼ੇ ’ਚ ਰਹੀ 30 ਏਕੜ ਪੰਚਾਇਤੀ ਜ਼ਮੀਨ ਨੂੰ ਕਰਵਾਇਆ ਖਾਲੀ

Saturday, May 14, 2022 - 10:36 PM (IST)

ਪ੍ਰਸ਼ਾਸਨ ਨੇ ਤਿੰਨ ਦਹਾਕਿਆਂ ਤੋਂ ਨਾਜਾਇਜ਼ ਕਬਜ਼ੇ ’ਚ ਰਹੀ 30 ਏਕੜ ਪੰਚਾਇਤੀ ਜ਼ਮੀਨ ਨੂੰ ਕਰਵਾਇਆ ਖਾਲੀ

ਭਵਾਨੀਗੜ੍ਹ (ਵਿਕਾਸ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਪ੍ਰਸ਼ਾਸਨ ਨੇ ਪਿੰਡ ਘਰਾਚੋਂ ਵਿਖੇ ਪੁਲਸ ਫੋਰਸ ਦੀ ਹਾਜ਼ਰੀ ’ਚ 39 ’ਚੋਂ 30 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾ ਕੇ ਪੰਚਾਇਤ ਨੂੰ ਸੌਂਪ ਦਿੱਤੀ। ਇਸ ਸਬੰਧੀ ਮਨਜੀਤ ਸਿੰਘ ਬੀ. ਡੀ. ਪੀ. ਓ. ਭਵਾਨੀਗੜ੍ਹ ਤੇ ਪੰਚਾਇਤ ਅਫ਼ਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਘਰਾਚੋਂ ਤੋਂ ਪਿੰਡ ਬਲਵਾੜ ਨੂੰ ਜਾਂਦੀ ਸੜਕ ’ਤੇ ਡਰੇਨ ਨੇੜੇ 39 ਏਕੜ ਪੰਚਾਇਤੀ ਜ਼ਮੀਨ ’ਚੋਂ 30 ਏਕੜ ਦੇ ਕਰੀਬ ਵਾਹੀਯੋਗ ਜ਼ਮੀਨ, ਜਿਸ ’ਤੇ ਪਿਛਲੇ ਤਕਰੀਬਨ 30 ਸਾਲਾਂ ਤੋਂ ਨੇੜਲੇ ਜ਼ਿਮੀਂਦਾਰਾਂ ਦਾ ਨਾਜਾਇਜ਼ ਕਬਜ਼ਾ ਚੱਲਿਆ ਆ ਰਿਹਾ ਸੀ, ਨੂੰ ਡਿਜੀਟਲ ਸੈਟੇਲਾਈਟ ਤਕਨੀਕ ਰਾਹੀਂ ਨਿਸ਼ਾਨਦੇਹੀ ਕਰਕੇ ਖਾਲੀ ਕਰਵਾਉਂਦਿਆਂ ਬੁਰਜੀਆਂ ਲਗਾ ਕੇ ਪੰਚਾਇਤ ਨੂੰ ਜ਼ਮੀਨ ਦਾ ਕਬਜ਼ਾ ਦੇ ਦਿੱਤਾ ਗਿਆ ਹੈ।

PunjabKesari

ਅਧਿਕਾਰੀਆਂ ਨੇ ਬਾਕੀ ਰਹਿੰਦੀ 9 ਏਕੜ ਜ਼ਮੀਨ ਸਬੰਧੀ ਦੱਸਿਆ ਕਿ ਇਹ 9 ਏਕੜ ਜ਼ਮੀਨ ਡਰੇਨ ’ਚ ਆ ਗਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੁਬਾਰਾ ਕਿਸੇ ਵਿਅਕਤੀ/ਵਿਅਕਤੀਆਂ ਵੱਲੋਂ ਖਾਲੀ ਕਰਵਾਈ ਪੰਚਾਇਤੀ ਜ਼ਮੀਨ ਉੱਪਰ ਨਾਜਾਇਜ਼ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਸ ਦੇ ਖਿਲਾਫ਼ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਬੀ.ਡੀ.ਪੀ.ਓ. ਮਨਜੀਤ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਾਬਜ਼ਕਾਰਾਂ ਨੂੰ ਪੰਜਾਬ ਸਰਕਾਰ ਨੇ ਖੁਦ ਕਬਜ਼ੇ ਛੱਡਣ ਦੀ ਅਪੀਲ ਕੀਤੀ ਹੈ, ਇਸ ਲਈ ਨਾਜਾਇਜ਼ ਕਬਜ਼ਾਧਾਰਕਾਂ ਨੂੰ 31 ਮਈ ਤੋਂ ਪਹਿਲਾਂ ਨਾਜਾਇਜ਼ ਕਬਜ਼ੇ ਤੁਰੰਤ ਖਾਲੀ ਕਰ ਦੇਣੇ ਚਾਹੀਦੇ ਹਨ। ਇਸ ਮੌਕੇ ਗੁਰਮੇਲ ਸਿੰਘ ਸਰਪੰਚ ਪਿੰਡ ਘਰਾਚੋਂ, ਹਰਦੀਪ ਸਿੰਘ ਨੰਬਰਦਾਰ, ਸੁਖਜੀਤ ਸਿੰਘ ਪੰਚਾਇਤ ਸਕੱਤਰ, ਜਗਜੀਤ ਸਿੰਘ ਕਾਨੂੰਨਗੋ, ਅਮਰਿੰਦਰ ਸਿੰਘ, ਮੁਨੀਸ਼ ਕੁਮਾਰ ਅਤੇ ਹਰਮੇਲ ਸਿੰਘ (ਸਾਰੇ ਪਟਵਾਰੀ) ਅਤੇ ਵੱਡੀ ਗਿਣਤੀ ’ਚ ਪੁਲਸ ਬਲ ਮੌਜੂਦ ਸਨ।


author

Manoj

Content Editor

Related News