ਕੌਮੀ ਸ਼ਾਹ ਮਾਰਗ ਮੁੱਦਕੀ ਵਿਖੇ ਹੋਏ ਹਾਦਸੇ ’ਚ ਨੌਜਵਾਨ ਦੀ ਮੌਤ , 1 ਜ਼ਖ਼ਮੀ
Tuesday, Mar 22, 2022 - 10:00 AM (IST)
ਮੁੱਦਕੀ (ਰੰਮੀ ਗਿੱਲ) : ਮੁੱਦਕੀ ਤੋਂ ਤਲਵੰਡੀ ਭਾਈ ਰੋਡ ਉੱਪਰ ਫਿੱਡਾ ਡਰੇਨ ਦੇ ਨੇੜੇ ਕੌਮੀ ਸ਼ਾਹ ਮਾਰਗ ਨੰਬਰ 54 ਉੱਪਰ ਅੱਜ ਦੁਪਹਿਰੇ ਇਕ ਟਰੱਕ ਦੇ ਚਾਲਕ ਵੱਲੋਂ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੇ ਜਾਣ ਕਾਰਨ ਵਾਪਰੇ ਇਕ ਸੜਕ ਹਾਦਸੇ ਵਿਚ ਟਰੈਕਟਰ ਚਾਲਕ ਇਕ ਇਕਲੌਤੇ ਨੌਜਵਾਨ ਦੀ ਮੌਤ ਹੋ ਗਈ ਹੈ। ਜਦਕਿ ਉਸਦੇ ਨਾਲ ਬੈਠਾ ਉਸਦਾ ਰਿਸ਼ਤੇਦਾਰ ਭਰਾ ਗੰਭੀਰ ਜ਼ਖਮੀ ਹੋ ਗਿਆ ਹੈ। ਟਰੱਕ ਟਰਾਲੇ ਦਾ ਡਰਾਈਵਰ ਇਸ ਹਾਦਸੇ ਤੋਂ ਬਾਅਦ ਆਪਣਾ ਵਾਹਨ ਲੈ ਕੇ ਫਰਾਰ ਹੋ ਗਿਆ ਹੈ।
ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ
ਪੁਲਸ ਚੌਂਕੀ ਮੁੱਦਕੀ ਦੇ ਇੰਚਾਰਜ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਦਕੀ ਤੋਂ ਲਾਗਲੇ ਪਿੰਡ ਮੋਰਾਂਵਾਲੀ (ਫਰੀਦਕੋਟ) ਦਾ ਵਾਸੀ ਨੌਜਵਾਨ ਕਰਨਬੀਰ ਸਿੰਘ (ਪੁੱਤਰ ਜਗਜੀਤ ਸਿੰਘ) ਅਤੇ ਹਰਿੰਦਰ ਸਿੰਘ (ਪੁੱਤਰ ਗੁਰਜੀਤ ਸਿੰਘ) ਦੋਵੇਂ ਨੌਜਵਾਨ ਜੋ ਕਿ ਆਪਸ ਵਿਚ ਚਾਚੇ ਤਾਏ ਦੇ ਪੁੱਤ ਭਰਾ ਹਨ, ਟਰੈਕਟਰ ਤੇ ਮੁੱਦਕੀ ਤੋਂ ਤਲਵੰਡੀ ਭਾਈ ਵੱਲ ਨੂੰ ਜਾ ਰਹੇ ਸਨ ਤਾਂ ਕਥਿਤ ਤੌਰ ’ਤੇ ਪਿਛੋਂ ਆ ਰਹੇ ਇਕ ਟਰੱਕ ਦੀ ਟਰੈਕਟਰ ਟਰਾਲੀ ਨੂੰ ਜਬਰਦਸਤ ਫੇਟ ਵੱਜਣ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸਦੇ ਸਿੱਟੇ ਵਜੋਂ ਮਾਪਿਆਂ ਦੇ ਇਕਲੌਤੇ ਪੁੱਤਰ ਕਰਨਬੀਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦਾ ਭਰਾ ਹਰਿੰਦਰ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : ਪੀ. ਜੀ. ’ਚ ਰਹਿਣ ਵਾਲੇ ਮੁੰਡਿਆਂ ਨੇ ਦੁਕਾਨਦਾਰ ’ਤੇ ਪੈਟਰੋਲ ਸੁੱਟ ਲਗਾਈ ਅੱਗ
ਉਧਰ ਟਰੈਕਟਰ ਨੂੰ ਫ਼ੇਟ ਮਾਰਨ ਵਾਲਾ ਟਰੱਕ ਮੌਕੇ ਤੋਂ ਫਰਾਰ ਹੋ ਗਿਆ। ਇਹ ਸਡ਼ਕ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਹਾਦਸੇ ਦੌਰਾਨ ਟਰੈਕਟਰ ਦੇ ਪਰਖੱਚੇ ਉੱਡ ਗਏ। ਹਾਦਸੇ ਦਾ ਪਤਾ ਲੱਗਣ ਉਪਰੰਤ ਮੁੱਦਕੀ ਤੋਂ ਲਾਗਲੇ ਪਿੰਡ ਮੋਰਾਂਵਾਲੀ ਦੇ ਨਿਵਾਸੀਆਂ ਵੱਲੋਂ ਰੋਸ ਵਜੋਂ ਕੌਮੀ ਸ਼ਾਹ ਮਾਰਗ ਨੰਬਰ 54 ਉੱਪਰ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਕੌਮੀ ਸ਼ਾਹ ਮਾਰਗ ਉੱਪਰ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਟਰੱਕ ਟਰਾਲੇ ਦੇ ਫ਼ਰਾਰ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਦੁਪਹਿਰ ਕਰੀਬ 1 ਵਜੇ ਤੋਂ ਰੋਸ ਧਰਨਾ ਅਤੇ ਜਾਮ ਲਗਾ ਦਿੱਤਾ ਗਿਆ ਜੋ ਕਿ ਖਬਰ ਲਿਖੇ ਜਾਣ ਤੱਕ ਕੌਮੀ ਸ਼ਾਹ ਮਾਰਗ ਉੱਪਰ ਲੱਗਾ ਧਰਨਾ ਅਤੇ ਟ੍ਰੈਫਿਕ ਜਾਮ ਸੀ। ਇਸ ਮੌਕੇ ਪੁਲਸ ਥਾਣਾ ਘੱਲ ਖੁਰਦ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਅਤੇ ਪੁਲਸ ਚੌਂਕੀ ਮੁੱਦਕੀ ਦੇ ਇੰਚਾਰਜ ਏ. ਐੱਸ. ਆਈ. ਬਲਜਿੰਦਰ ਸਿੰਘ ਆਦਿ ਪੁਲਸ ਅਧਿਕਾਰੀ ਤੇ ਪੁਲਸ ਕਰਮਚਾਰੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ