ਠੇਕੇ ਦੇ ਦਿਵਿਆਂਗ ਮੁਲਾਜ਼ਮ ਨੂੰ ਘੇਰ ਕੇ ਕੁੱਟ-ਮਾਰ ਕਰ ਕੇ ਖੋਹੀ ਨਕਦੀ, 7 ਵਿਰੁੱਧ ਮਾਮਲਾ ਦਰਜ
Thursday, Mar 23, 2023 - 03:04 PM (IST)

ਮੋਗਾ (ਆਜ਼ਾਦ)- ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਰਾਜੇਆਣਾ ਵਿਚ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਦਿਵਿਆਂਗ ਮੁਲਾਜ਼ਮ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਘੇਰ ਕੇ ਕੁੱਟ-ਮਾਰ ਕਰਨ ਦੇ ਇਲਾਵਾ ਨਕਦੀ ਅਤੇ ਮੋਬਾਇਲ ਫੋਨ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮ ਨੂੰ ਪੀ. ਜੀ. ਆਈ. ਚੰਡੀਗੜ੍ਹ ਦਾਖ਼ਲ ਕਰਵਾਉਣਾ ਪਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਵੰਤ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੇ ਕਿਹਾ ਕਿ ਉਹ ਦੋਨੋਂ ਲੱਤਾਂ ਤੋਂ ਦਿਵਿਆਂਗ ਹੈ, ਟ੍ਰਾਈ ਸਾਈਕਲ ’ਤੇ ਆਉਂਦਾ ਜਾਂਦਾ ਹੈ ਅਤੇ ਉਹ ਠੇਕੇ ’ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
ਬੀਤੀ 13 ਮਾਰਚ ਨੂੰ ਜਦ ਉਹ ਦੇਰ ਰਾਤ ਆਪਣੇ ਮੋਟਰਸਾਈਕਲ ’ਤੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਕਥਿਤ ਮੁਲਜ਼ਮਾਂ ਅਰਸ਼ਦੀਪ ਸਿੰਘ, ਜੋਬਨਪ੍ਰੀਤ ਸਿੰਘ, ਸੁਖਚੈਨ ਸਿੰਘ ਸਾਰੇ ਨਿਵਾਸੀ ਪਿੰਡ ਰਾਜੇਆਣਾ ਨੇ ਉਸ ਨੂੰ ਘੇਰ ਲਿਆ ਅਤੇ ਘੇਰ ਕੇ ਉਸ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ। ਜ਼ਖਮੀ ਕਰਨ ਦੇ ਬਾਅਦ ਉਹ 10 ਹਜ਼ਾਰ ਰੁਪਏ ਨਕਦੀ ਅਤੇ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ, ਜਿਸ ’ਤੇ ਉਸ ਨੇ ਰੋਲਾ ਪਾਇਆ, ਪਰ ਹਮਲਾਵਰ ਭੱਜਣ ਵਿਚ ਸਫ਼ਲ ਹੋ ਗਏ, ਜਿਸ ਦੌਰਾਨ ਉਕਤ ਮੁਲਾਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਪੀ. ਜੀ. ਆਈ. ਚੰਡੀਗੜ੍ਹ ਭੇਜਿਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।