ਬਾਘਾ ਪੁਰਾਣਾ ਬਲਾਕ ’ਚ ਕੋਰੋਨਾ ਪੀੜਤ 34 ਸਾਲਾ ਨੌਜਵਾਨ ਦੀ ਮੌਤ, 21 ਨਵੇਂ ਮਾਮਲੇ ਮਿਲੇ

9/14/2020 2:13:34 AM

ਬਾਘਾ ਪੁਰਾਣਾ, (ਰਾਕੇਸ਼)- ਕੋਰੋਨਾ ਨਾਲ ਪਿੰਡ ਜੈ ਸਿੰਘ ਵਾਲਾ ਦੇ ਇਕ 34 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਦਾ ਅੰਤਿਮ ਸਸਕਾਰ ਸਿਹਤ ਵਿਭਾਗ ਦੀ ਰੈਪਿਡ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਕਰ ਦਿੱਤਾ ਗਿਆ ਹੈ। ਇਸ ਮੌਕੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਵਿਸ਼ੇਸ ਤੌਰ ’ਤੇ ਪਹੁੰਚੇ ਹੋਏ ਸਨ। ਇਸ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਇਸ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾ ਕੋਰੋਨਾ ਦੇ ਕਹਿਰ ਨਾਲ ਬਾਘਾ ਪੁਰਾਣਾ ਹਲਕੇ ਵਿਚ ਦੋ ਔਰਤਾਂ ਅਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ 21 ਹੋਰ ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ ਵਿਚੋਂ ਐੱਲ. ਐੱਲ. ਆਰ. ਮੋਗਾ 1, ਮੈਡੀਸਿਟੀ ਮੋਗਾ 2, ਮੈਡੀਕਲ ਕਾਲਜ ਫਰੀਦਕੋਟ ਵਿਖੇ 1 ਮਰੀਜ਼ ਇਲਾਜ ਅਧੀਨ ਦਾਖਲ ਹਨ ਅਤੇ 17 ਮਰੀਜ਼ਾਂ ਨੂੰ ਘਰਾਂ ਵਿਚ ਕੁਆਰੰਟਾਈਨ ਕੀਤਾ ਗਿਆ ਹੈ। ਮਾਰਚ ਮਹੀਨੇ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ 115 ਹੋਈ ਸੀ, ਜਿਨ੍ਹਾਂ ’ਚੋਂ 94 ਮਰੀਜ਼ ਤੰਦਰੁਸਤ ਹੋਏ ਹਨ ਅਤੇ ਬਾਘਾ ਪੁਰਾਣਾ ਤੋਂ ਜਿਹੜੇ ਇਕ ਪਰਿਵਾਰ ਦੇ 6 ਮਰੀਜ਼ ਕੁਆਰੰਟਾਈਨ ਕੀਤੇ ਸਨ, ਉਹ ਵੀ ਨੈਗੇਟਿਵ ਆਉਣ ਤੋਂ ਬਾਅਦ ਤੰਦਰੁਸਤ ਹਨ ਅਤੇ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਨੈਗੇਟਿਵ ਹੋ ਗਏ ਹਨ।

ਹਸਪਤਾਲ ਦੇ 11 ਮੁਲਾਜ਼ਮਾਂ ’ਚੋਂ 10 ਹੋਏ ਤੰਦਰੁਸਤ : ਐੱਸ. ਐੱਮ. ਓ.

ਐੱਸ. ਐੱਮ. ਓ. ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਹਲਕਾ ਬਾਘਾ ਪੁਰਾਣਾ ਅਤੇ ਠੱਠੀ ਭਾਈ ਵਿਚ 24 ਘੰਟੇ ਸੇਵਾ ਨਿਭਾਉਣ ਵਾਲੇ ਸਿਹਤ ਵਿਭਾਗ ਦੇ ਇਕ ਡਾਕਟਰ ਸਮੇਤ 11 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਹੋਏ ਸਨ, ਜਿਨ੍ਹਾਂ ਵਿਚ ਇਕ ਐੱਲ. ਐੱਚ. ਬੀ. ਗੰਭੀਰ ਰੂਪ ਵਿਚ ਕੋਰੋਨਾ ਪਾਜ਼ੇਟਿਵ ਸੀ, ਉਸਦੇ ਸਮੇਤ ਇਲਾਜ ਤੋਂ ਬਾਅਦ 10 ਮੁਲਾਜ਼ਮ ਤੰਦਰੁਸਤ ਹੋ ਚੁੱਕੇ ਹਨ ਅਤੇ ਇਕ ਡਾਕਟਰ ਘਰ ਵਿਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਤਿੰਨ ਤਰ੍ਹਾਂ ਦੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਲੱਛਣਾਂ ਮੁਤਾਬਕ ਘਰ, ਲੋਕਲ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਬੀਮਾਰੀ ਨੇ ਪੈਰ ਪਸਾਰੇ ਹਨ, ਉਸ ਤੋਂ ਹੋਰ ਵੀ ਚੌਕਸ ਹੋਣਾ ਪਵੇਗਾ ਕਿਉਂਕਿ ਇਹ ਇਕ ਜਾਨਲੇਵਾ ਬੀਮਾਰੀ ਹੈ ਅਤੇ ਟੈਸਟ ਦੌਰਾਨ ਅਕਸਰ ਰਿਪੋਰਟ ਪਾਜ਼ੇਟਿਵ ਆ ਜਾਂਦੀ ਹੈ, ਜਿਸ ਤੋਂ ਚੌਕਸ ਹੋਣ ਲਈ ਵਿਭਾਗ ਵਲੋਂ ਦਿੱਤੇ ਨਿਯਮਾਂ ਦੀ ਪਾਲਨਾ ਕਰਨੀ ਅਤੀ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਅਕਸਰ ਦੇਖਿਆਂ ਜਾਦਾ ਹੈ ਕਿ ਲੋਕ ਕੋਰੋਨਾ ਨੂੰ ਭੁੱਲ ਕੇ ਮਾਸਕਾਂ, ਸੈਨੇਟਾਈਜ਼ਰ ਅਤੇ ਆਪਸੀ ਦੂਰੀ ਨੂੰ ਛੱਡਦੇ ਜਾ ਰਹੇ ਹਨ, ਜੋ ਇਕ ਖਤਰੇ ਦੀ ਘੰਟੀ ਹੈ ਇਸ ਲਈ ਲੋਕ ਸਰਕਾਰ ਵਲੋਂ ਦਿੱਤੇ ਨਿਯਮਾਂ ਦੀ ਢਿੱਲ ਕਰਨ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਦੱਸਿਆ ਕਿ ਚਾਰ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਜਾ ਚੁੱਕਾ ਹੈ।

ਕੋਰੋਨਾ ਨੂੰ ਲੈ ਕੇ ਪਿੰਡਾਂ ’ਚ ਸਰਕਾਰੀ ਕਮੇਟੀਆਂ ਦਾ ਗਠਨ : ਐੱਸ. ਡੀ. ਐੱਮ.

ਐੱਸ. ਡੀ. ਐੱਮ. ਸਵਰਨਜੀਤ ਕੌਰ ਅਤੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਦੱਸਿਆ ਕਿ ਹਲਕੇ ਅੰਦਰ ਪ੍ਰਸ਼ਾਸਨ ਦੀ ਹਿੰਮਤ ਸਦਕਾ ਕਾਫੀ ਮਰੀਜ਼ ਠੀਕ ਹੋਏ ਹਨ, ਪਰ ਮਰੀਜਾਂ ਦੀ ਮੌਤ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਕੋਰੋਨਾ ਆਏ ਮਰੀਜ਼ ਦਾ ਤਸੱਲੀਬਖਸ਼ ਇਲਾਜ ਹੋ ਸਕੇ, ਇਨ੍ਹਾਂ ਟੀਮਾਂ ਵਿਚ ਕਾਨੂੰਨਗੋ, ਪਟਵਾਰੀ ਅਤੇ ਸਿਹਤ ਵਿਭਾਗ ਦਾ ਸਟਾਫ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਟੀਮ ਨੂੰ ਐੱਸ. ਐੱਮ. ਓ. ਵਲੋਂ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ, ਇਹ ਟੀਮ ਮਰੀਜ਼ ਦੇ ਇਲਾਜ ਨੂੰ ਲੈ ਕੇ ਪ੍ਰਸ਼ਾਸਨ ਨੂੰ ਪਲ-ਪਲ ਦੀ ਰਿਪੋਰਟ ਵੀ ਸੌਂਪੇਗੀ। ਐੱਸ. ਡੀ. ਐੱਮ. ਨੇ ਫਿਰ ਹਦਾਇਤ ਦਿੱਤੀ ਕਿ ਬਾਜ਼ਾਰਾਂ ਅੰਦਰ ਕੋਈ ਵੀ ਬਿਨਾਂ ਮਾਸਕ ਤੋਂ ਚੱਲਣ ਫਿਰਨ ਦੀ ਕੋਸ਼ਿਸ਼ ਨਾ ਕਰੇ ਅਤੇ ਹਰ ਕਾਰੋਬਾਰੀ ਲਈ ਮਾਸਕ, ਸੈਨੇਟਾਈਜ਼ਰ ਲਾਜ਼ਮੀ ਹੈ। ਐੱਸ. ਡੀ. ਐੱਮ. ਨੇ ਕਿਹਾ ਕਿ ਹਲਕੇ ਅੰਦਰ ਲੋਕਾਂ ਦੀ ਸਿਹਤ ਨੂੰ ਲੈ ਕੇ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਜੇਕਰ ਕਿਸੇ ਨੂੰ ਸਿਹਤ ਬਾਰੇ ਮਾਮੂਲੀ ਸ਼ੰਕਾ ਵੀ ਹੋਵੇ ਤਾਂ ਉਹ ਤੁਰੰਤ ਸਿਵਲ ਹਸਪਤਾਲ ਵਿਖੇ ਡਕਟਰਾਂ ਨਾਲ ਸੰਪਰਕ ਕਰੇ ਅਤੇ ਹਲਕੇ ਦਾ ਹਰ ਵਿਅਕਤੀ ਕੋਰੋਨਾ ਟੈਸਟ ਕਰਵਾਵੇ ਤਾਂ ਕਿ ਹਰ ਵਿਅਕਤੀ ਆਪਣੀਆਂ ਪਰਿਵਾਰਕ ਖੁਸ਼ੀਆਂ ਦਾ ਆਨੰਦ ਮਾਣ ਸਕੇ।


Bharat Thapa

Content Editor Bharat Thapa