ਪੈਟਰੋਲ ਪੰਪ ਸੰਚਾਲਕਾਂ ਨਾਲ 34 ਲੱਖ ਦੀ ਠੱਗੀ, 3 ਵਿਰੁੱਧ ਮਾਮਲਾ ਦਰਜ

07/15/2019 1:12:32 AM

ਮੋਗਾ, (ਆਜ਼ਾਦ)- ਬਾਘਾਪੁਰਾਣਾ ਨਿਵਾਸੀ ਪੈਟਰੋਲ ਪੰਪ ਸੰਚਾਲਕਾਂ ਪਰਮਜੀਤ ਸਿੰਘ ਅਤੇ ਵਿਜੇ ਕੁਮਾਰ ਵੱਲੋਂ ਫਰੀਦਕੋਟ ਜ਼ਿਲੇ ਦੇ ਪਿੰਡ ਸੇਢੇ ਵਾਲਾ ਨਿਵਾਸੀ ਟਰੱਕ ਸੰਚਾਲਕਾਂ ’ਤੇ ਤੇਲ ਵਿਕਰੀ ਮਾਮਲੇ ’ਚ ਉਨ੍ਹਾਂ ਨਾਲ 34 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਪਿਤਾ-ਪੁੱਤਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਆਈ.ਜੀ. ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪਰਮਜੀਤ ਸਿੰਘ ਪੁੱਤਰ ਉੱਤਮ ਚੰਦ ਨਿਵਾਸੀ ਬਾਘਾਪੁਰਾਣਾ ਅਤੇ ਵਿਜੇ ਕੁਮਾਰ ਪੁੱਤਰ ਬਲਦੇਵ ਰਾਜ ਨਿਵਾਸੀ ਪਿੰਡ ਮਾਡ਼ੀ ਮੁਸਤਫਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਠੱਠੀ ਭਾਈ ਅਤੇ ਸਾਹੋਕੇ ਵਿਖੇ ਐੱਚ.ਪੀ. ਦੇ ਦੋ ਪੈਟਰੋਲ ਪੰਪ ਹਨ। ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪਿੰਡ ’ਚ ਕੈਟਲ ਫੀਡ ਫੈਕਟਰੀ ਹੈ, ਜਿਸ ਦਾ ਮਾਲ ਹਰਮੇਲ ਸਿੰਘ ਨਿਵਾਸੀ ਪਿੰਡ ਕੋਟਲਾ ਰਾਏਕਾ ਵੱਲੋਂ ਵੱਖ-ਵੱਖ ਡੇਅਰੀਆਂ ਅਤੇ ਦੁਕਾਨਾਂ ’ਤੇ ਸਪਲਾਈ ਕੀਤਾ ਜਾਂਦਾ ਸੀ। ਉਸ ਨੇ ਸਾਨੂੰ ਕਿਹਾ ਕਿ ਤੁਸੀਂ ਨਵੇਂ ਪੈਟਰੋਲ ਪੰਪ ਲਾਏ ਹਨ। ਮੇਰੇ ਰਿਸ਼ਤੇਦਾਰ ਖੁਸ਼ਦੀਪ ਸਿੰਘ, ਰਮਨਦੀਪ ਸਿੰਘ ਪੁੱਤਰਾਨ ਲਖਵੀਰ ਸਿੰਘ ਨਿਵਾਸੀ ਪਿੰਡ ਸੇਢੇ ਵਾਲਾ (ਫਰੀਦਕੋਟ) ਕੋਲ 11 ਟਰੱਕ ਹਨ, ਤੁਸੀਂ ਉਨ੍ਹਾਂ ਨੂੰ ਆਪਣੇ ਪੈਟਰੋਲ ਪੰਪ ਤੋਂ ਮੇਰੀ ਜ਼ਿੰਮੇਵਾਰੀ ’ਤੇ ਤੇਲ ਦੇਣਾ ਸ਼ੁਰੂ ਕਰ ਦਿਓ। ਇਕ ਬਿੱਲ ਤਾਰਨ ਦੇ ਬਾਅਦ ਦੂਜੀ ਵਾਰ ਫਿਰ ਤੇਲ ਦੇਣ ਦੀ ਗੱਲ ਹੋਈ ਸੀ। ਅਸੀਂ ਹਰਮੇਲ ਸਿੰਘ ਦੀ ਜ਼ਿੰਮੇਵਾਰੀ ’ਤੇ ਉਕਤ ਟਰੱਕ ਸੰਚਾਲਕਾਂ ਨੂੰ ਉਨ੍ਹਾਂ ਦੇ 11 ਟਰੱਕਾਂ ਦੇ ਇਲਾਵਾ ਇਨੋਵਾ ਗੱਡੀ ’ਚ ਮਾਰਚ 2018 ਤੋਂ ਆਪਣੇ ਪੈਟਰੋਲ ਪੰਪਾਂ ਤੋਂ ਤੇਲ ਦੇਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਾਡਾ ਇਨ੍ਹਾਂ ਨਾਲ ਪੈਸਿਆਂ ਦਾ ਲੈਣ-ਦੇਣ ਚੱਲਦਾ ਰਿਹਾ। ਕੁੱਝ ਪੈਸੇ ਦੇ ਜਾਂਦੇ ਅਤੇ ਕੁੱਝ ਉਧਾਰ ਕਰ ਜਾਂਦੇ ਸਨ, ਜਦੋਂ ਇਨ੍ਹਾਂ ਵੱਲ ਕਰੀਬ 24 ਲੱਖ ਰੁਪਏ ਤੇਲ ਦੇ ਬਕਾਇਆ ਹੋ ਗਏ ਤਾਂ ਅਸੀਂ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਾਡੇ ਇਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਦੀ ਇੰਸ਼ੋਰੈਂਸ ਮਿਲਣ ਦੇ ਬਾਅਦ ਅਸੀਂ ਤੁਹਾਨੂੰ ਸਾਰੇ ਪੈਸੇ ਵਾਪਸ ਕਰ ਦੇਵਾਂਗੇ ਪਰ ਉਨ੍ਹਾਂ ਨੂੰ ਇੰਸ਼ੋਰੈਂਸ ਨਹੀਂ ਮਿਲੀ ਅਤੇ ਉਪਰੰਤ ਉਨ੍ਹਾਂ ਕਿਹਾ ਕਿ ਸਾਡੀਆਂ ਗੱਡੀਆਂ ’ਚ 10 ਲੱਖ ਰੁਪਏ ਦਾ ਤੇਲ ਹੋਰ ਪਾ ਦਿਓ, ਜੋ ਅਸੀਂ ਉਨ੍ਹਾਂ ਨੂੰ ਦੇ ਦਿੱਤਾ, ਜਦੋਂ ਅਸੀਂ ਉਨ੍ਹਾਂ ਦੀਆਂ ਗੱਡੀਆਂ ’ਚ ਪਾਏ ਗਏ ਤੇਲ ਦਾ ਹਿਸਾਬ ਚੈੱਕ ਕੀਤਾ ਤਾਂ ਉਨ੍ਹਾਂ ਵੱਲ 34 ਲੱਖ ਰੁਪਏ ਦੇ ਕਰੀਬ ਬਕਾਇਆ ਨਿਕਲਿਆ। ਅਸੀਂ ਕਈ ਵਾਰ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕਰਦੇ ਰਹੇ, ਕਥਿਤ ਦੋਸ਼ੀ ਸਾਨੂੰ ਟਾਲ-ਮਟੋਲ ਕਰਨ ਲੱਗ ਪਏ ਅਤੇ ਉਨ੍ਹਾਂ ਪੈਟਰੋਲ ਪੰਪਾਂ ’ਤੇ ਆਉਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਕਥਿਤ ਦੋਸ਼ੀ ਪਿਤਾ-ਪੁੱਤਰਾਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ ਕਰੀਬ 34 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਕੀ ਹੋਈ ਪੁਲਸ ਕਾਰਵਾਈ

ਇਸ ਮਾਮਲੇ ਦੀ ਜਾਂਚ ਐੱਸ.ਪੀ. ਆਈ. ਹਰਵਿੰਦਰ ਸਿੰਘ ਪਰਮਾਰ ਵੱਲੋਂ ਕੀਤੀ ਗਈ। ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣੇ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾਵਾਂ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਸਮਾਲਸਰ ’ਚ ਟਰੱਕ ਸੰਚਾਲਕਾਂ ਲਖਵੀਰ ਸਿੰਘ ਉਸ ਦੇ ਦੋ ਬੇਟੇ ਖੁਸ਼ਦੀਪ ਸਿੰਘ ਅਤੇ ਰਮਨਦੀਪ ਸਿੰਘ (ਸਾਰੇ ਨਿਵਾਸੀ) ਪਿੰਡ ਸੇਢੇ ਵਾਲਾ ਫਰੀਦਕੋਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News