ਸਿਹਤ ਵਿਭਾਗ ਟੀਮ ਵਲੋਂ 330 ਕਿੱਲੋ ਖੋਇਆ ਜ਼ਬਤ

10/16/2019 1:07:32 AM

ਲੁਧਿਆਣਾ, (ਸਹਿਗਲ)— ਤਿਉਹਾਰਾਂ ਦੇ ਦਿਨਾਂ 'ਚ ਦੂਜੇ ਸੂਬਿਆਂ ਤੋਂ ਘਟੀਆ ਕੁਆਲਟੀ ਦੇ ਖਾਦ ਪਦਾਰਥਾਂ ਦੀ ਸਪਲਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ, ਜਿਸ ਦੀ ਉਦਾਹਰਣ ਵਜੋਂ ਮੰਗਲਵਾਰ ਲੁਧਿਆਣਾ 'ਚ ਸਿਹਤ ਵਿਭਾਗ ਦੀ ਟੀਮ ਨੇ ਨਾਕਾ ਲਗਾ ਕੇ 330 ਕਿੱਲੋ ਖੋਇਆ ਫੜਿਆ, ਜਿਸ ਨੂੰ ਬੀਕਾਨੇਰ ਤੋਂ ਇੱਥੇ ਸਪਲਾਈ ਕਰ ਕੇ ਲਿਆਂਦਾ ਜਾ ਰਿਹਾ ਸੀ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਮੰਗਲਵਾਰ ਨਾਕਾ ਲਗਾ ਕੇ ਇਕ ਕਾਰ ਨੂੰ ਰੋਕਿਆ, ਜਿਸ 'ਚ ਬੀਕਾਨੇਰ ਤੋਂ ਸਪਲਾਈ ਹੋਇਆ ਖੋਇਆ ਹੁਸ਼ਿਆਰਪੁਰ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਪਲਾਈ ਲਈ ਲਿਜਾਇਆ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਖੋਇਆ ਲਿਆ ਰਹੇ ਵਿਅਕਤੀ ਨੇ ਦੱਸਿਆ ਕਿ ਖੋਏ ਦੀ ਸਪਲਾਈ 180 ਤੋਂ 200 ਰੁਪਏ ਕਿੱਲੋ ਤੱਕ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਰੇਟਾਂ ਨੂੰ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ, ਜਦੋਂ ਖੋਏ ਦੀ ਜਾਂਚ ਕੀਤੀ ਗਈ ਤਾਂ ਉਹ ਘਟੀਆ ਪੱਧਰ ਦਾ ਲੱਗਾ। ਮੌਕੇ 'ਤੇ ਉਨ੍ਹਾਂ ਨੇ ਸੈਂਪਲ ਲੈ ਕੇ ਉਸ ਨੂੰ ਨਸ਼ਟ ਕਰਵਾ ਦਿੱਤਾ।
ਉਨ੍ਹਾਂ ਦੱਸਿਆ ਕਿ ਖੋਏ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦਾ ਗੋਦਾਮ ਜਲੰਧਰ ਦੇ ਅਵਤਾਰ ਨਗਰ 'ਚ ਹੈ। ਇਸ ਨੂੰ ਬੀਕਾਨੇਰ ਤੋਂ ਬੱਸ 'ਚ ਬੁੱਕ ਕਰਵਾ ਕੇ ਲੁਧਿਆਣਾ ਵਿਖੇ ਉਤਾਰ ਲਿਆ ਜਾਂਦਾ ਹੈ ਤੇ ਉੱਥੋਂ ਹੁਸ਼ਿਆਰਪੁਰ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਤੇ ਜਲੰਧਰ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਖੁਰਾਕ ਸਪਲਾਈ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਸਿਰਫ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਚੰਗੇ ਖਾਦ ਪਦਾਰਥ ਤੇ ਮਠਿਆਈਆਂ ਵੇਚਣ ਅਤੇ ਆਪਣੇ ਕੰਮ ਵਾਲੀ ਜਗ੍ਹਾ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਟੀਮ ਵਿਚ ਡਾ. ਕੰਗ ਤੋਂ ਇਲਾਵਾ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ ਵੀ ਸ਼ਾਮਲ ਸਨ।
 


KamalJeet Singh

Content Editor

Related News