ਨਸ਼ੇ ਵਾਲੀਆਂ ਗੋਲੀਆਂ ਦੇ ਮਾਮਲੇ ’ਚ 10 ਸਾਲ ਦੀ ਕੈਦ ਤੇ ਜ਼ੁਰਮਾਨਾ

04/23/2019 12:50:51 AM

ਮੋਗਾ, (ਸੰਦੀਪ)- ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਮੈਡਮ ਸੋਨੀਆਂ ਕਿਨਰਾ ਦੀ ਅਦਾਲਤ ਨੇ ਇਕ ਸਾਲ ਪਹਿਲਾ ਥਾਣਾ ਫਤਿਹਗਡ਼੍ਹ ਪੰਜਤੂਰ ਪੁਲਸ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਨਸ਼ੇ ਵਾਲੀਆਂ ਗੋਲੀਆਂ ਦੀ ਵਿੱਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ ਕੀਤਾ ਹੈ। ਮਾਨਯੋਗ ਅਦਾਲਤ ਵੱਲੋਂ ਜ਼ੁਰਮਾਨਾ ਨਾ ਦੇਣ ਦੀ ਸੂਰਤ ’ਚ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣ ਦਾ ਵੀ ਹੁਕਮ ਸੁਣਾਇਆ ਹੈ। ਇਸ ਮਾਮਲੇ ’ਚ ਦੋਸ਼ੀ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਦੀ ਖਰੀਦ ਬਾਰੇ ਇਕ ਪਤੀ-ਪਤਨੀ ’ਤੇ ਦੋਸ਼ ਲਾਏ ਗਏ ਸਨ, ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਰ ਕੇ ਬਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਫਤਿਹਗਡ਼੍ਹ ਪੰਜਤੂਰ ਪੁਲਸ ਵੱਲੋਂ 10 ਅਪ੍ਰੈਲ 2018 ਨੂੰ ਗਸ਼ਤ ਦੌਰਾਨ ਫਤਿਹਗਡ਼੍ਹ ਪੰਜਤੂਰ ਤੋਂ ਪਿੰਡ ਸ਼ਾਹ ਬੁੱਕਰ ਜਾਂਦੀ ਲਿੰਕ ਰੋਡ ’ਤੇ ਐਕਟਿਵਾ ਸਕੂਟਰ ’ਤੇ ਸਵਾਰ ਕਸਬਾ ਜ਼ੀਰਾ ਨਿਵਾਸੀ ਵਰਿੰਦਰ ਸ਼ਰਨਾ ਉਰਫ ਵਰੁਣ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਦੌਰਾਨ ਉਸ ਪਾਸੋਂ ਬਰਾਮਦ ਕੀਤੇ ਦੋ ਪਲਾਸਟਿਕ ਦੇ ਲਿਫਾਫਿਆਂ ’ਚੋਂ 1755 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਿਸ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਦੋਸ਼ੀ ਵਰਿੰਦਰ ਸ਼ਰਨਾ ਵੱਲੋਂ ਪੁੱਛ-ਗਿੱਛ ਦੌਰਾਨ ਇਹ ਨਸ਼ੇ ਵਾਲੀਆਂ ਗੋਲੀਆਂ ਮੋਗਾ ਨਿਵਾਸੀ ਰਾਕੇਸ਼ ਮਿੱਤਲ ਅਤੇ ਉਸ ਦੀ ਪਤਨੀ ਪਾਸੋਂ ਖਰੀਦ ਕਰਨ ਦੀ ਗੱਲ ਕਹੀ ਗਈ ਸੀ। ਮਾਨਯੋਗ ਅਦਾਲਤ ਵੱਲੋਂ ਸਬੂਤਾਂ ਦੀ ਭਾਰੀ ਘਾਟ ਕਰ ਕੇ ਰਾਕੇਸ਼ ਮਿੱਤਲ ਤੇ ਉਸ ਦੀ ਪਤਨੀ ਨੂੰ ਬਰੀ ਕਰ ਦਿੱਤਾ ਗਿਆ ਹੈ।


Bharat Thapa

Content Editor

Related News