ਪਿੰਡ ਚੱਕ ਭਾਈ ਕੇ ਵਿਖੇ 42 ਏਕੜ ''ਚ ਬਣਾਇਆ ਜਾਵੇਗਾ ''ਨੇਚਰ ਪਾਰਕ'' : ਸਿੰਗਲਾ

01/26/2021 5:46:27 PM

ਬੁਢਲਾਡਾ, (ਮਨਜੀਤ)- ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਿਹਾਤੀ ਖੇਤਰਾਂ ਵਿੱਚ ਆਪਣੇ ਦੌਰੇ ਦੌਰਾਨ ਪਿੰਡ ਚੱਕ ਭਾਈ ਕੇ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੁਆਰਾ ਕੁਦਰਤੀ ਵਾਤਾਵਰਣ ਵਿੱਚ ਸਥਾਪਤ ਕੀਤੇ ਜਾ ਰਹੇ ‘ਨੇਚਰ ਪਾਰਕ’ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਹ ਪਾਰਕ ਏ.ਡੀ.ਸੀ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਏ.ਐੱਸ.ਆਈ ਦੀ ਨਿੱਜੀ ਦਿਲਚਸਪੀ ਅਤੇ ਯਤਨਾਂ ਸਦਕਾ ਬਣਨ ਜਾ ਰਿਹਾ ਹੈ। ਜਿਨ੍ਹਾਂ ਨੇ ਜ਼ਿਲ੍ਹੇ ਵਿੱਚ ਹੋਰ ਵੀ ਅਜਿਹੇ ਪਾਰਕਾਂ ਦੀ ਤਜਵੀਜ ਤਿਆਰ ਕੀਤੀ ਹੈ। ਹਰਿਆਵਲ ਭਰਪੂਰ ਆਲੇ ਦੁਆਲੇ ਨਾਲ ਵਿਕਸਤ ਕੀਤੇ ਜਾ ਰਹੇ ਨੇਚਰ ਪਾਰਕ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੁੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਥਾਨ ਮੁਕੰਮਲ ਰੂਪ ਵਿੱਚ ਤਿਆਰ ਹੋਣ ਮਗਰੋਂ ਨਾ ਕੇਵਲ ਪਿੰਡਾਂ ਬਲਕਿ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ। ਕੈਬਨਿਟ ਮੰਤਰੀ ਨੇ ਨੇਚਰ ਪਾਰਕ ਦੇ ਨੀਂਹ ਪੱਥਰ ਦੀ ਰਸਮ ਮੌਕੇ ਬੂਟਾ ਵੀ ਲਗਾਇਆ। 
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਪਿੰਡ ਚੱਕ ਭਾਈਕੇ ਦੇ ਆਸ-ਪਾਸ ਦੇ ਪਿੰਡਾਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਤੇ ਬੱਚਿਆਂ ਲਈ ਪਿਕਨਿਕ ਦਾ ਇੱਕ ਸਥਾਨ ਤਿਆਰ ਕਰਨ ਲਈ ਹੀ ਪਿੰਡ ਚੱਕ ਭਾਈਕੇ ਵਿਖੇ ਜੰਗਲਾਤ ਵਿਭਾਗ ਦੀ ਨਰਸਰੀ, ਜੋ ਕਿ ਕਰੀਬ 42 ਏਕੜ ਵਿੱਚ ਫੈਲੀ ਹੋਈ ਹੈ, ਵਿੱਚ ਇਸ ਨੇਚਰ ਪਾਰਕ ਬਣਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਜਿਸ ਤਹਿਤ ਆਮ ਲੋਕਾਂ ਦੇ ਸੈਰ ਕਰਨ ਲਈ ਜੰਗਲ ਦੇ ਅੰਦਰ ਰਸਤੇ ਬਣਾਏ ਜਾਣਗੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੰਗਲ ਅੰਦਰ ਛੋਟੇ-ਛੋਟੇ ਛੱਪੜਾਂ ਦੀ ਉਸਾਰੀ ਕੀਤੀ ਜਾਵੇਗੀ, ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਕੀਤਾ ਜਾਵੇਗਾ ਅਤੇ ਉਸ ਦੇ ਆਸ-ਪਾਸ ਬੈਠਣ ਲਈ ਜਗ੍ਹਾ ਬਣਾਈ ਜਾਵੇਗੀ ਅਤੇ ਆਮ ਲੋਕਾਂ ਦੇ ਮਨੋਰੰਜਨ ਲਈ ਇਹ ਸਥਾਨ ਤਿਆਰ ਕੀਤੇ ਜਾਣਗੇ।
ਸਮਾਗਮ ਮੌਕੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਰਣਜੀਤ ਕੌਰ ਭੱਟੀ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਐਸ.ਐਸ.ਪੀ ਸੁਰੇਂਦਰ ਲਾਂਬਾ,  ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ, ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕੁਲਵੰਤ ਰਾਏ ਸਿੰਗਲਾ, ਐੱਮ.ਐੱਲ.ਏ ਨਾਜਰ ਸਿੰਘ ਮਾਨਸਾ,ਐਸ.ਡੀ.ਐਮ ਸਾਗਰ ਸੇਤੀਆ, ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਬੀ.ਡੀਪੀ.ਓ ਬੁਢਲਾਡਾ ਅਸ਼ੋਕ ਕੁਮਾਰ, ਡੀ.ਐੱਸ.ਪੀ ਪ੍ਰਭਜੋਤ ਕੌਰ ਬੁਢਲਾਡਾ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨ।


Bharat Thapa

Content Editor

Related News