ਸ਼ੱਕੀ ਹਾਲਾਤ ''ਚ ਨੌਜਵਾਨ ਦੀ ਹੋਈ ਮੌਤ

03/16/2019 1:46:21 AM

ਗੁਰਦਾਸਪੁਰ,(ਵਿਨੋਦ) : ਸ਼ੱਕੀ ਹਾਲਾਤ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ, ਜਦਕਿ ਮ੍ਰਿਤਕ ਦੀ ਪਤਨੀ ਨੇ ਆਪਣੇ ਪਤੀ ਦੇ ਦੋਸਤ 'ਤੇ ਜ਼ਰੂਰਤ ਤੋਂ ਜ਼ਿਆਦਾ ਨਸ਼ੇ ਦੀ ਡੋਜ਼ ਦੇ ਕੇ ਮਾਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸਿਟੀ ਪੁਲਸ ਨੇ ਮ੍ਰਿਤਕ ਦੇ ਦੋਸਤ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਬੱਬੂ ਪੁੱਤਰ ਮਹਿੰਦਰ ਸਿੰਘ ਨਿਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਬੇਹੋਸ਼ੀ ਦੀ ਹਾਲਤ 'ਚ ਸਿਵਲ ਹਸਪਤਾਲ ਗੁਰਦਾਸਪੁਰ ਦੇ ਬਾਹਰ ਪਿਆ ਸੀ। ਜਸਵਿੰਦਰ ਸਿੰਘ ਦੀ ਜੇਬ 'ਚ ਪਏ ਮੋਬਾਇਲ ਤੋਂ ਕਿਸੇ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਜਸਵਿੰਦਰ ਸਿੰਘ ਦੇ ਬਾਰੇ ਸੂਚਿਤ ਕੀਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਸਵਿੰਦਰ ਸਿੰਘ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਜਸਵਿੰਦਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਉੱਥੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਪਰਿਵਾਰ ਵਾਲਿਆ ਵੱਲੋਂ ਜਾਣਕਾਰੀ ਦਿੱਤੇ ਜਾਣ ਦੇ ਬਾਅਦ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਉਸ ਦੀ ਲਾਸ਼ ਪੋਸਟਮਾਰਟਮ ਲਈ ਰਖਵਾ ਦਿੱਤੀ ਗਈ ਹੈ। ਇਸ ਸਬੰਧੀ ਮ੍ਰਿਤਕਾ ਦੀ ਪਤਨੀ ਪ੍ਰਿਆ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਇਕ ਨੌਜਵਾਨ ਅਭੀ ਨਿਵਾਸੀ ਮੁਹੱਲਾ ਸ਼ਹਿਜ਼ਾਦਾ ਨੰਗਲ ਗੁਰਦਾਸਪੁਰ ਬੀਤੀ ਸ਼ਾਮ ਲਗਭਗ 4 ਵਜੇ ਬੁਲਾ ਕੇ ਜਸਵਿੰਦਰ ਨੂੰ ਲੈ ਗਿਆ ਸੀ ਅਤੇ ਉਸ ਦੇ ਬਾਅਦ ਜਸਵਿੰਦਰ ਸਿੰਘ ਘਰ ਵਾਪਸ ਨਹੀਂ ਆਇਆ ਅਤੇ ਹਸਪਤਾਲ ਦੇ ਬਾਹਰ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਡਾਕਟਰਾਂ ਅਨੁਸਾਰ ਮ੍ਰਿਤਕ ਨੇ ਜ਼ਰੂਰਤ ਤੋਂ ਜ਼ਿਆਦਾ ਨਸ਼ੇ ਦੀ ਡੋਜ਼ ਲੈ ਰੱਖੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਣ 'ਤੇ ਡੀ.ਐੱਸ.ਪੀ. ਬਵਿੰਦਰ ਮਹਾਜਨ ਵੀ ਪੁਲਸ ਸਟੇਸ਼ਨ ਪਹੁੰਚੇ ਅਤੇ ਉਸ ਦੇ ਬਾਅਦ ਲਾਸ਼ ਦੀ ਜਾਂਚ ਲਈ ਸਿਵਲ ਹਸਪਤਾਲ ਆਏ।


Deepak Kumar

Content Editor

Related News