ਲੀਚੀ ਬਾਗਾਂ ‘ਤੇ ਮੰਡਰਾਇਆ ਤੀਹਰਾ ਸੰਕਟ, ਇਸ ਵਾਰ ਝਾੜ ਘਟਣ ਦੇ ਅਸਾਰ

Thursday, May 07, 2026 - 12:29 PM (IST)

ਲੀਚੀ ਬਾਗਾਂ ‘ਤੇ ਮੰਡਰਾਇਆ ਤੀਹਰਾ ਸੰਕਟ, ਇਸ ਵਾਰ ਝਾੜ ਘਟਣ ਦੇ ਅਸਾਰ

ਗੁਰਦਾਸਪੁਰ(ਹਰਮਨ): ਤਕਰੀਬਨ ਹਰੇਕ ਸਾਲ ਹੀ ਗਰਮੀ ਦੇ ਮੌਸਮ ਵਿੱਚ ਜਿੱਥੇ ਲੀਚੀ ਦਾ ਫਲ ਬਾਗਬਾਨਾਂ ਲਈ ਚੰਗੀ ਆਮਦਨ ਅਤੇ ਲੋਕਾਂ ਲਈ ਸਵਾਦ ਦਾ ਜਰੀਆ ਬਣਦਾ ਹੈ ਉੱਥੇ ਇਸ ਵਾਰ ਲੀਚੀ ਦੇ ਬਾਗਾਂ 'ਤੇ ਤੀਹਰਾ ਸੰਕਟ ਮੰਡਰਾ ਰਿਹਾ ਹੈ, ਜਿਸ ਦੇ ਚਲਦਿਆਂ ਬਾਗਵਾਨਾ ਦੇ ਚਿਹਰਿਆਂ ‘ਤੇ ਚਿੰਤਾ ਸਾਫ਼ ਨਜ਼ਰ ਆ ਰਹੀ ਹੈ। ਮੌਸਮ ਦੀ ਮਾਰ, ਬਿਜਲੀ ਦੇ ਲਗਾਤਾਰ ਕੱਟ ਅਤੇ ਚਮਗਾਦੜਾਂ ਦੇ ਵਧਦੇ ਹਮਲਿਆਂ ਨੇ ਲੀਚੀ ਦੇ ਬਾਗਾਂ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ ਹੈ, ਜਿਸ ਕਾਰਨ ਇਸ ਸੀਜ਼ਨ ਵਿੱਚ ਉਤਪਾਦਨ ਘਟਣ ਦੇ ਆਸਾਰ ਬਣ ਗਏ ਹਨ। ਮਸ਼ਹੂਰ ਪ੍ਰਗਤੀਸ਼ੀਲ ਬਾਗਬਾਨ ਦਿਲਬਾਗ ਸਿੰਘ ਲਾਲੀ ਚੀਮਾ ਨੇ ਦੱਸਿਆ ਕਿ ਲੀਚੀ ਦਾ ਫਲ ਮਾਰਕੀਟ ਵਿੱਚ ਸਿਰਫ਼ ਕੁਝ ਹੀ ਹਫ਼ਤਿਆਂ ਲਈ ਹੁੰਦਾ ਹੈ ਅਤੇ ਆਮ ਤੌਰ ‘ਤੇ ਜੂਨ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਇਹ ਆਉਣਾ ਸ਼ੁਰੂ ਹੋ ਜਾਂਦਾ ਹੈ। ਪਰ ਇਸ ਵਾਰ ਮੌਸਮੀ ਤਬਦੀਲੀਆਂ ਨੇ ਫਸਲ ਨੂੰ ਪਹਿਲੇ ਹੀ ਪੜਾਅ ‘ਤੇ ਨੁਕਸਾਨ ਪਹੁੰਚਾ ਦਿੱਤਾ ਹੈ। 

ਇਹ ਵੀ ਪੜ੍ਹੋ- ਦੁਨੀਆ ਭਰ 'ਚ 26 ਕਰੋੜ ਲੋਕ ਇਸ ਗੰਭੀਰ ਬੀਮਾਰੀ ਨਾਲ ਪੀੜਤ, ਪੰਜਾਬ 'ਚ ਵੀ ਹਾਲਾਤ ਚਿੰਤਾਜਨਕ

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਈਆਂ ਤੇਜ਼ ਹਨੇਰੀਆਂ ਅਤੇ ਝੱਖੜਾਂ ਕਾਰਨ ਲਗਭਗ 10 ਫੀਸਦੀ ਕੱਚਾ ਫਲ ਦਰੱਖਤਾਂ ਤੋਂ ਝੜ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਦੀ ਅਣਨਿਯਮਿਤ ਸਪਲਾਈ ਵੀ ਬਾਗਬਾਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਸਿੰਚਾਈ ਅਤੇ ਬਾਗਾਂ ਦੀ ਸੰਭਾਲ ਲਈ ਨਿਰੰਤਰ ਬਿਜਲੀ ਦੀ ਲੋੜ ਹੁੰਦੀ ਹੈ, ਪਰ ਕੱਟਾਂ ਕਾਰਨ ਇਹ ਕੰਮ ਪ੍ਰਭਾਵਿਤ ਹੋ ਰਹੇ ਹਨ। ਚੀਮਾ ਮੁਤਾਬਕ, “ਬਿਜਲੀ ਨਾ ਹੋਣ ਨਾਲ ਪੌਦਿਆਂ ਦੀ ਸੰਭਾਲ ਠੀਕ ਤਰੀਕੇ ਨਾਲ ਨਹੀਂ ਹੋ ਸਕਦੀ, ਜਿਸਦਾ ਸਿੱਧਾ ਅਸਰ ਫਸਲ ‘ਤੇ ਪੈਂਦਾ ਹੈ।” ਦੂਜੇ ਪਾਸੇ, ਪੱਕਣ ਵੱਲ ਵੱਧ ਰਹੇ ਫਲਾਂ ਨੂੰ ਚਮਗਾਦੜਾਂ ਵੱਲੋਂ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਰਾਤ ਦੇ ਸਮੇਂ ਇਹ ਫਲਾਂ ਨੂੰ ਖਾ ਜਾਂਦੇ ਹਨ ਜਾਂ ਖਰਾਬ ਕਰ ਦਿੰਦੇ ਹਨ, ਜਿਸ ਨਾਲ ਉਤਪਾਦਨ ਅਤੇ ਗੁਣਵੱਤਾ ਦੋਵਾਂ ‘ਤੇ ਅਸਰ ਪੈਂਦਾ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ ਤਾਰੀਖ

ਚੀਮਾ ਨੇ ਇਹ ਵੀ ਕਿਹਾ ਕਿ ਲੀਚੀ ਦੀ ਖੇਤੀ ਲੰਬੇ ਸਮੇਂ ਦੀ ਨਿਵੇਸ਼ ਵਾਲੀ ਫਸਲ ਹੈ, ਜਿਸ ਵਿੱਚ ਮਿਹਨਤ ਅਤੇ ਧੀਰਜ ਦੋਵਾਂ ਦੀ ਲੋੜ ਹੁੰਦੀ ਹੈ। ਜੇਕਰ ਇੱਕ ਵਾਰੀ ਬੂਟਾ ਠੀਕ ਤਰੀਕੇ ਨਾਲ ਤਿਆਰ ਹੋ ਜਾਵੇ ਤਾਂ ਇਹ ਸਾਲਾਂ ਤੱਕ ਵਧੀਆ ਮੁਨਾਫਾ ਦੇ ਸਕਦਾ ਹੈ, ਪਰ ਅੱਜਕੱਲ੍ਹ ਕਈ ਕਿਸਾਨ ਤੁਰੰਤ ਲਾਭ ਦੇ ਚੱਕਰ ਵਿੱਚ ਬਾਗਬਾਨੀ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾਣ, ਬਿਜਲੀ ਸਪਲਾਈ ਸੁਧਾਰੀ ਜਾਵੇ ਅਤੇ ਜੰਗਲੀ ਜੀਵਾਂ ਤੋਂ ਫਸਲਾਂ ਦੀ ਰੱਖਿਆ ਲਈ ਪੱਕੇ ਇੰਤਜ਼ਾਮ ਕੀਤੇ ਜਾਣ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧੇਗੀ, ਸਗੋਂ ਵਾਤਾਵਰਣਕ ਸੰਤੁਲਨ ਵੀ ਬਣਿਆ ਰਹੇਗਾ। ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਸ ਵਾਰ ਗੁਰਦਾਸਪੁਰ ਦੀ ਮਸ਼ਹੂਰ ਲੀਚੀ ਦੀ ਮਾਰਕੀਟ ‘ਚ ਆਮਦ ਘੱਟ ਰਹਿਣ ਦੀ ਸੰਭਾਵਨਾ ਹੈ, ਜਿਸਦਾ ਅਸਰ ਕੀਮਤਾਂ ‘ਤੇ ਵੀ ਪੈ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News