ਰੰਜਿਸ਼ ਕਾਰਨ ਦੋ ਧਿਰਾਂ ਨੇ ਕੀਤੀ ਇਕ-ਦੂਜੇ ’ਤੇ ਫਾਇਰਿੰਗ, ਇਕ ਜ਼ਖ਼ਮੀ
Saturday, Jun 13, 2026 - 02:19 PM (IST)
ਤਰਨਤਾਰਨ (ਰਮਨ)- ਬੀਤੀ ਦੇਰ ਰਾਤ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਮਾਮੂਲੀ ਰੰਜਿਸ਼ ਕਾਰਨ ਦੋ ਧਿਰਾਂ ’ਚ ਲੜਾਈ-ਝਗੜੇ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ, ਜਦੋਂ ਦੋਵਾਂ ਧਿਰਾਂ ਦੇ ਕਰੀਬ ਇਕ ਦਰਜਨ ਤੋਂ ਵੱਧ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਜਿਥੇ ਹੱਥਾਂ-ਪੈਰਾਂ ਦੀ ਪੈ ਗਈ, ਉਥੇ ਹੀ ਡੀ.ਐੱਸ.ਪੀ. ਸਿਟੀ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ। ਫਿਲਹਾਲ ਥਾਣਾ ਸਿਟੀ ਵਿਖੇ ਪੁਲਸ ਵੱਲੋਂ ਦੋਵਾਂ ਧਿਰਾਂ ਦੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਈ ਥਾਈਂ ਪੈ ਰਿਹਾ ਮੀਂਹ, ਪੜ੍ਹੋ ਆਉਣ ਵਾਲੇ ਦਿਨਾਂ ਦੀ ਵੱਡੀ ਅਪਡੇਟ
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਪਿੰਡ ਕੱਕਾ ਕੰਡਿਆਲਾ ਦੇ ਨਿਵਾਸੀ ਗੁਰਪ੍ਰਤਾਪ ਸਿੰਘ ਪੁੱਤਰ ਮਿਲਨ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਰਤਨ ਸਿੰਘ ਦਰਮਿਆਨ ਪੁਰਾਣੀ ਰੰਜਿਸ਼ ਕਾਰਨ ਇਕ-ਦੂਜੇ ਨੂੰ ‘ਵੇਖਣ’ ਲਈ ਟਾਈਮ ਦਿੱਤਾ ਗਿਆ ਸੀ, ਜਿਸ ਕਾਰਨ ਡੇਢ ਦਰਜਨ ਦੇ ਕਰੀਬ ਨੌਜਵਾਨ, ਜਿਨ੍ਹਾਂ ਕੋਲ ਹਥਿਆਰ ਮੌਜੂਦ ਸਨ, ਨਵੀਂ ਦਾਣਾ ਮੰਡੀ ਵਿਖੇ ਆ ਪੁੱਜੇ। ਇਸ ਦੌਰਾਨ ਦੋਵਾਂ ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਮਾਮੂਲੀ ਤਕਰਾਰ ਹੋਈ ਅਤੇ ਬਾਅਦ ਵਿਚ ਇਕ-ਦੂਸਰੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਲੋਕਾਂ ਦੇ ਦੱਸਣ ਅਨੁਸਾਰ ਕਰੀਬ ਦੋ ਦਰਜਨ ਰੌਂਦ ਫਾਇਰਿੰਗ ਦੋਵਾਂ ਪਾਸਿਓਂ ਕੀਤੀ ਗਈ, ਜਿਸ ਕਾਰਨ ਬਿਕਰਮਜੀਤ ਸਿੰਘ ਧਿਰ ਦੇ ਨੌਜਵਾਨ ਜਗਨ ਸਿੰਘ ਦੇ ਪੱਟ ਉੱਪਰ ਗੋਲੀ ਵੱਜ ਗਈ ਤੇ ਉਹ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਅੱਜ ਪੰਜਾਬ ’ਚ ਕਾਕਰੋਚ ਜਨਤਾ ਪਾਰਟੀ ਦੀ ਐਂਟਰੀ, ਅੰਮ੍ਰਿਤਸਰ ਦੇ ‘ਗੋਲਡਨ ਗੇਟ’ ’ਤੇ ਹੋਵੇਗਾ ਵੱਡਾ ਪ੍ਰਦਰਸ਼ਨ
ਇਸ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਐੱਸ.ਪੀ. ਸਿਟੀ ਸੁਖਬੀਰ ਸਿੰਘ ਸਮੇਤ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਅਤੇ ਸਹਾਇਕ ਮੁਖੀ ਸਬ-ਇੰਸਪੈਕਟਰ ਤਾਨੀਆ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਸਮੇਤ ਮੌਕੇ ’ਤੇ ਪੁੱਜੇ, ਜਿਥੇ ਪੁਲਸ ਪਾਰਟੀ ਨੂੰ ਵੇਖਦੇ ਹੀ ਦੋਵਾਂ ਧਿਰਾਂ ਦੇ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਲੋਕਾਂ ਅੰਦਰ ਕਾਫ਼ੀ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਪੁਲਸ ਨੇ 11 ਗੋਲੀਆਂ ਦੇ ਖੋਲ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਕਰੀਬ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
